ਚੰਡੀਗੜ੍ਹ : ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਅਕਸਰ ਸ਼ਰਾਬ ਦੀਆਂ ਬੋਤਲਾਂ 'ਤੇ ਲਿਖਿਆ ਹੁੰਦਾ ਹੈ, ਪਰ ਇਸ ਰਿਪੋਰਟ ਰਾਹੀਂ ਤੁਹਾਨੂੰ ਦੱਸਾਂਗੇ ਕਿ ਸ਼ਰਾਬ ਪੀਣਾ ਹਾਨੀਕਾਰਕ ਹੀ ਨਹੀਂ ਬਲਕਿ ਬੇਔਲਾਦ ਵੀ ਬਣਾ ਦਿੰਦਾ ਹੈ। ਜ਼ਿਆਦਾ ਸ਼ਰਾਬ ਪੀਣਾ ਮਰਦਾਂ ਅਤੇ ਔਰਤਾਂ ਵਿਚ ਬਾਂਝਪਣ ਦੀ ਅਵਸਥਾ ਪੈਦਾ ਕਰਦਾ ਹੈ ਅਤੇ ਔਰਤਾਂ ਵਿਚ ਮਿਸਕੈਰੇਜ ਦਾ ਕਾਰਨ ਵੀ ਬਣਦਾ ਹੈ। ਇਕ ਖੋਜ ਵਿਚ ਸਾਹਮਣੇ ਆਇਆ ਹੈ ਕਿ 35 ਫੀਸਦ ਮਰਦ ਅਤੇ ਔਰਤਾਂ ਸ਼ਰਾਬ ਦੇ ਜ਼ਿਆਦਾ ਸੇਵਨ ਕਰਕੇ ਬਾਂਝ ਹੋ ਰਹੇ ਹਨ ਅਤੇ ਬੇਔਲਾਦ ਹੋਣ ਦਾ ਦੁੱਖ ਉਨ੍ਹਾਂ ਨੂੰ ਹੰਢਾਉਣਾ ਪੈ ਰਿਹਾ ਹੈ। ਇਹ ਸਟੱਡੀ ਡਾ. ਵੰਦਨਾ ਨਰੂਲਾ ਵੱਲੋਂ ਕੀਤੀ ਗਈ ਹੈ।
ਅੱਜਕੱਲ੍ਹ ਦੁਨੀਆਂ ਭਰ ਵਿਚ ਔਰਤਾਂ ਅਤੇ ਮਰਦਾਂ ਵੱਲੋਂ ਸ਼ਰਾਬ ਦਾ ਸੇਵਨ ਕਰਨਾ ਆਮ ਹੋ ਗਿਆ ਹੈ ਪਰ ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਣ ਨਾਲ ਸਿਹਤ 'ਤੇ ਜ਼ਿਆਦਾ ਅਸਰ ਪੈਂਦਾ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਲਗਾਤਾਰ ਭਾਰੀ ਸ਼ਰਾਬ ਪੀਣ ਨਾਲ ਸ਼ੁਕਰਾਣੂਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਹਫ਼ਤੇ ਵਿੱਚ 14 ਜਾਂ ਇਸ ਤੋਂ ਵੱਧ ਡ੍ਰਿੰਕ ਪੀਣ ਨਾਲ ਟੈਸਟੋਸਟੀਰੋਨ ਦਾ ਪੱਧਰ ਘੱਟ ਹੋ ਸਕਦਾ ਹੈ ਅਤੇ ਸ਼ੁਕ੍ਰਾਣੂਆਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ। ਅਲਕੋਹਲ ਸ਼ੁਕਰਾਣੂਆਂ ਦੀ ਸੰਖਿਆ, ਆਕਾਰ, ਆਕਾਰ ਅਤੇ ਗਤੀਸ਼ੀਲਤਾ ਨੂੰ ਬਦਲ ਕੇ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਜ਼ਿਆਦਾ ਮਾਤਰਾ ਵਿਚ ਸ਼ਰਾਬ ਦਾ ਸੇਵਾਨ ਬਣਾਉਂਦਾ ਹੈ ਬਾਂਝ :ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੇ ਜੋੜਿਆਂ ਲਈ ਇਹ ਇੱਕ ਵਿਨਾਸ਼ਕਾਰੀ ਅਨੁਭਵ ਹੋ ਸਕਦਾ ਹੈ, ਕਿਉਂਕਿ ਉਹ ਮਰਦਾਂ ਦੀ ਜਣਨ ਸ਼ਕਤੀ 'ਤੇ ਸ਼ਰਾਬ ਦੇ ਸੇਵਨ ਦੇ ਪ੍ਰਭਾਵਾਂ ਤੋਂ ਅਣਜਾਣ ਹੋ ਸਕਦੇ ਹਨ। ਹਾਲ ਹੀ ਵਿੱਚ ਇੱਕ ਜੋੜੇ ਨੇ ਸੋਸ਼ਲ ਮੀਡੀਆ 'ਤੇ ਆਪਣੀ ਦੁਖਦਾਈ ਕਹਾਣੀ ਸਾਂਝੀ ਕੀਤੀ ਹੈ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਮਰਦਾਂ ਦੀ ਜਣਨ ਸ਼ਕਤੀ ਅਤੇ ਇਸਦੇ ਸੰਭਾਵੀ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ।
ਸ਼ਰਾਬ ਘਟਾਉਂਦੀ ਹੈ ਸ਼ੁਕਰਾਣੂਆਂ ਦੀ ਗਿਣਤੀ :ਸ਼ਰਾਬ ਮਰਦਾਂ ਅਤੇ ਔਰਤਾਂ ਨੂੰ ਬਾਂਝ ਬਣਾ ਦਿੰਦੀ ਹੈ ਇਹ ਤੱਥ ਤਾਂ ਸਭ ਦੇ ਸਾਹਮਣੇ ਆਏ ਹਨ। ਉਥੇ ਹੀ ਇਹ ਵੀ ਤੱਥ ਸਾਹਮਣੇ ਆਏ ਕਿ ਸ਼ਰਾਬ 40 ਯੂਨਿਟਾਂ ਤੋਂ ਵੱਧ ਹਫ਼ਤਾਵਾਰੀ ਸੇਵਨ ਵਾਲੇ ਮਰਦਾਂ ਵਿੱਚ ਸਹਿਤਮੰਦ ਮਰਦਾਂ ਮੁਕਾਬਲੇ 11% ਤੋਂ 59% ਸੀਆਈ ਦੀ ਕਮੀ ਰਹਿੰਦੀ ਹੈ, ਜੋ ਕਿ ਹਾਰਮੋਨ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ, ਅਲਕੋਹਲ ਅੰਡਕੋਸ਼ਾਂ ਦੇ ਕੰਮ ਨੂੰ ਰੋਕ ਸਕਦੀ ਹੈ, ਸ਼ੁਕਰਾਣੂ ਨੂੰ ਸਹੀ ਢੰਗ ਨਾਲ ਵਿਕਾਸ ਕਰਨ ਤੋਂ ਰੋਕਦੀ ਹੈ ਅਤੇ ਸ਼ੁਕ੍ਰਾਣੂ ਦੀ ਅੰਡੇ ਵੱਲ ਜਾਣ ਦੀ ਸਮਰੱਥਾ ਨੂੰ ਘਟ ਕਰਦੀ ਹੈ।
ਖੋਜ ਬਾਰੇ ਕੀ ਕਹਿੰਦੇ ਹਨ ਡਾ. ਵੰਦਨਾ ਨਰੂਲਾ :ਮਦਰਹੁੱਡ ਹਸਪਤਾਲ ਦੇ ਆਈਵੀਐਫ ਅਤੇ ਇਨਫਰਟੀਲਿਟੀ ਸੀਨੀਅਰ ਕਨਸਲਟੈਂਟ ਡਾ. ਵੰਦਨਾ ਨਰੂਲਾ ਨੇ ਇਸ ਸਟੱਡੀ ਬਾਰੇ ਕਈ ਖੁਲਾਸੇ ਕੀਤੇ ਹਨ। ਕੋਈ ਵੀ ਬੇਔਲਾਦ ਜੋੜਾ ਜੇਕਰ ਉਹਨਾਂ ਕੋਲ ਪਹੁੰਚਦਾ ਹੈ ਤਾਂ ਸਭ ਤੋਂ ਪਹਿਲਾਂ ਦੋਵਾਂ ਦੀ ਹਿਸਟਰੀ 'ਤੇ ਨਜ਼ਰ ਮਾਰੀ ਜਾਂਦੀ ਹੈ। ਜਿਹਨਾਂ ਵਿਚ 40 ਤੋਂ 50 ਪ੍ਰਤੀਸ਼ਤ ਮਰੀਜ਼ ਅਜਿਹੇ ਹੁੰਦੇ ਹਨ ਜਿਹਨਾਂ ਦੇ ਸ਼ੁਕਰਾਣੂਆਂ ਅਤੇ ਸਪਰਮ ਦੀ ਸ਼ੇਪ ਵਿਚ ਕਮੀ ਹੁੰਦੀ ਹੈ। ਪਿਛਲੇ 14 ਤੋਂ 15 ਸਾਲਾਂ ਵਿਚ ਸ਼ੁਕਰੂਆਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਇਹ ਸਥਿਤੀ ਇਕੱਲੇ ਭਾਰਤ ਦੀ ਨਹੀਂ ਪੂਰੇ ਵਿਸ਼ਵ ਵਿਚ ਹੀ ਹੈ। ਖਾਸ ਕਰਕੇ ਪੰਜਾਬ ਅਤੇ ਹੋਰ ਉੱਤਰੀ ਖੇਤਰਾਂ ਵਿਚ ਅਜਿਹੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ। ਜਿਸਦੇ ਕਾਰਨ ਜਦੋਂ ਪਤਾ ਲਗਾਏ ਗਏ ਤਾਂ ਸਾਹਮਣੇ ਆਇਆ ਕਿ ਰੋਜ਼ਾਨਾ ਸ਼ਰਾਬ ਦੀ ਵਰਤੋਂ ਸ਼ੁਕਰਾਣੂਆਂ ਨੂੰ ਪ੍ਰਭਾਵਿਤ ਕਰਦੀ ਹੈ।