ਪੰਜਾਬ

punjab

ETV Bharat / state

ਅੰਗ੍ਰੇਜ਼ ਵੇਲਿਆ ਦੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ

ਦੇਸ਼ ਲਈ ਲਗਾਏ ਮੋਰਚਿਆਂ ਤੇ ਸਿੱਖੀ ਦੇ ਹਿਤਾਂ ਲਈ ਕੀਤੇ ਕੰਮਾਂ 'ਚ ਕਮਾਏ ਨਾਂਅ ਨਾਲ ਅੱਜ ਵੀ ਹਰ ਆਗੂ ਸੋਚ ਵਿੱਚ ਮੌਜੂਦ ਹਨ ਮਾਸਟਰ ਤਾਰਾ ਸਿੰਘ। ਅੱਜ 22 ਨਵੰਬਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਸਖ਼ਸ਼ੀਅਤ ਬਾਰੇ ...

ਫ਼ੋਟੋ

By

Published : Nov 22, 2019, 5:59 AM IST

20ਵੀਂ ਸਦੀਂ ਦੇ ਪ੍ਰਸਿੱਧ ਨੇਤਾ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ, 1885 ਈ. ਨੂੰ ਜ਼ਿਲ੍ਹਾ ਰਾਵਲਪਿੰਡੀ ਦੇ ਪਿੰਡ ਹਰਿਆਲ ਵਿਖੇ ਹੋਇਆ ਸੀ। ਮਾਤਾ ਮੂਲਾਂ ਦੇਵੀ ਤੇ ਪਟਵਾਰੀ ਬਖ਼ਸ਼ੀ ਗੋਪੀਚੰਦ ਮਲਹੋਤਰਾ ਨੇ ਇਸ ਬੱਚੇ ਦਾ ਨਾਂਅ ਨਾਨਕ ਚੰਦ ਰੱਖਿਆ ਸੀ। ਮੁੱਢਲੀ ਸਿੱਖਿਆ ਪਿੰਡ ਮਦਰਸੇ ਤੋਂ, ਫ਼ਿਰ ਮਿਸ਼ਨ ਸਕੂਲ, ਰਾਵਲਪਿੰਡੀ ਤੋਂ ਲਈ। ਉੱਚ ਸਿੱਖਿਆ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਲਈ ਤੇ ਐਮਏ ਲਾਹੌਰ ਤੋਂ ਕੀਤੀ।

ਕਿਵੇਂ ਬਣੇ ਨਾਨਕ ਚੰਦ ਤੋਂ ਮਾਸਟਰ ਤਾਰਾ ਸਿੰਘ

ਸਿੱਖ ਧਰਮ ਵਿੱਚ ਸ਼ਰਧਾ ਤੇ ਵਿਸ਼ਵਾਸ ਹੋਣ ਕਰਕੇ ਉਨ੍ਹਾਂ ਨੇ ਸੰਤ ਅਤਰ ਸਿੰਘ ਕੋਲੋਂ ਅਮ੍ਰਿਤ ਛੱਕ ਲਿਆ ਤੇ ਉਨ੍ਹਾਂ ਦਾ ਮੁੜ ਨਾਮਕਰਨ ਕੀਤਾ ਗਿਆ ਜਿਸ ਤੋਂ ਬਾਅਦ ਉਹ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ।
ਪੜਾਈ ਪੂਰੀ ਹੋਣ ਤੋਂ ਬਾਅਦ ਤਾਰਾ ਸਿੰਘ ਲਾਇਲਪੁਰ ਜ਼ਿਲ੍ਹੇ ਦੇ ਖ਼ਾਲਸਾ ਹਾਈ ਸਕੂਲ ਵਿੱਚ ਮੁੱਖ ਅਧਿਆਪਿਕ ਵਜੋਂ ਨਿਯੁਕਤ ਹੋ ਗਏ ਜਿਸ ਤੋਂ ਬਾਅਦ ਹੋ ਮਾਸਟਰ ਤਾਰਾ ਸਿੰਘ ਵਜੋਂ ਜਾਣੇ ਜਾਣ ਲੱਗੇ। ਕੁਝ ਸਮੇਂ ਬਾਅਦ ਕੁੱਝ ਕਾਰਨਾਂ ਦੇ ਚੱਲਦਿਆਂ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।

ਸੰਨ 1920 ਈ. ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਮਾਸਟਰ ਤਾਰਾ ਸਿੰਘ ਨੇ ਸਿੱਖੀ ਹਿੱਤ ਹੋਣ ਕਾਰਨ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਉੱਤੇ ਪਹਿਲਾ ਸਕੱਤਰ ਚੁਣਿਆ ਗਿਆ ਅਤੇ ਫਿਰ 1926 ਵਿੱਚ ਮੀਤ ਪ੍ਰਧਾਨ।

ਨਨਕਾਣਾ ਸਾਹਿਬ ਵਿੱਚ ਖੂਨੀ ਸਾਕਾ ਹੋਣ ਕਾਰਨ ਮਾਸਟਰ ਤਾਰਾ ਸਿੰਘ ਅੰਮ੍ਰਿਤਸਰ ਆ ਗਏ ਅਤੇ ਉਸ ਵੇਲੇ ਦੀ ਚਰਚਿਤ ਅਖ਼ਬਾਰ ਅਕਾਲੀ ਦੇ ਸੰਪਾਦਕ ਬਣੇ। ਸਿਖ ਆਗੂਆਂ ਨੇ ਫ਼ੈਸਲਾ ਲਿਆ ਕੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਹੈ। ਪੰਥ ਦੀ ਚੜਦੀਕਲਾ ਲਈ ਦਿਨ-ਰਾਤ ਇੱਕ ਕਰਦਿਆਂ ਪ੍ਰੋ. ਨਿਰੰਜਨ ਸਿੰਘ ਦੇ ਸਹਿਯੋਗ ਸਦਕਾ ਬਹੁਤ ਸਾਰੇ ਇਸ਼ਤਿਹਾਰ ਲਿਖ ਕੇ ਦੂਰ-ਦੂਰਾਡੇ ਭੇਜੇ ਜਿਸ ਨਾਲ ਕੌਮ ਵਿੱਚ ਜਾਗਰੂਕਤਾ ਆਈ।

ਫਿਰ ਸਭ ਤੋਂ ਪਹਿਲਾਂ 'ਚਾਬੀਆਂ ਦਾ ਮੋਰਚਾ' ਲਗਾਇਆ ਗਿਆ। ਇਸ ਮੋਰਚੇ ਵਿੱਚ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਅੱਗੇ ਹੋ ਕੇ ਗ੍ਰਿਫ਼ਤਾਰੀ ਦਿੱਤੀ। ਇਸ ਮੋਰਚੇ ਦੀ ਜਿੱਤ ਤੋਂ ਬਾਅਦ 'ਗੁਰੂ ਕੇ ਬਾਗ' ਅਤੇ 'ਜੈਤੋ ਦਾ ਮੋਰਚਾ' ਲਗਾਇਆ ਗਿਆ। ਇਨ੍ਹਾਂ ਮੋਰਚਿਆਂ ਵਿੱਚ ਸ਼ਾਮਲ ਜੱਥਿਆਂ ਉੱਤੇ ਲਾਠੀਚਾਰਜ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੋਧੀ ਕਰਾਰ ਦਿੱਤਾ ਗਿਆ। ਕਮੇਟੀ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਮੁਕਦਮਾ ਚਲਾਇਆ ਗਿਆ। ਇਨ੍ਹਾਂ ਵਿੱਚ ਮਾਸਟਰ ਤਾਰਾ ਸਿੰਘ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਹੋਰ ਵੀ ਕਈ ਅੰਦੋਲਨਾਂ ਦਾ ਹਿੱਸਾ ਰਹੇ ਅਤੇ ਚੱਟਾਨ ਬਣ ਹਾਲਾਤ ਨੂੰ ਆਪਣੇ ਅੱਗੇ ਝੁਕਣ ਲਈ ਮਜ਼ਬੂਰ ਕਰ ਦਿੱਤਾ।

ਪੰਥ ਤੇ ਦੇਸ਼ ਲਈ ਮਰ-ਮਿੱਟਣ ਦੀ ਭਾਵਨਾ ਰੱਖਣ ਵਾਲੇ ਮਾਸਟਰ ਤਾਰਾ ਸਿੰਘ 22 ਨਵੰਬਰ, 1967 ਈ. ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਮਾਸਟਰ ਤਾਰਾ ਸਿੰਘ ਨੇ ਆਪਣੇ ਵਿਚਾਰ ਆਪਣੀ ਸਾਹਿਤ ਰਚਨਾ ਵਿੱਚ ਪੇਸ਼ ਕੀਤੇ ਹਨ। 'ਪ੍ਰੇਮ ਲਗਨ' ਤੇ 'ਬਾਬਾ ਤੇਗਾ ਸਿੰਘ' ਨਾਵਲ, ਤਿੰਨ ਲੇਖ ਸੰਗ੍ਰਿਹ ਇੱਕ 'ਸਫ਼ਰਨਾਮਾ' ਤੇ 'ਸਵੈ-ਜੀਵਨੀ' ਵੀ ਲਿਖੀ। 'ਸੱਚਾ ਢੰਡੋਰਾ' ਤੇ 'ਪਰਦੇਸੀ ਖ਼ਾਲਸਾ' ਨਾਂਅ ਦੇ ਦੋ ਸਪਤਾਹਿਕ ਰਸਾਲੇ ਵੀ ਸ਼ੁਰੂ ਕੀਤੇ ਜੋ ਬਾਅਦ ਵਿੱਚ 'ਅਕਾਲੀ' ਅਖ਼ਬਾਰ ਦੇ ਰੂਪ ਵਿੱਚ ਬਦਲ ਗਏ। ਉਨ੍ਹਾਂ ਵਲੋਂ ਸੰਨ 1949 ਈ. ਵਿੱਚ ਸ਼ੁਰੂ ਕੀਤਾ 'ਸੰਤ ਸਿਪਾਹੀ' ਮਾਸਿਕ ਰਸਾਲਾ ਹੁਣ ਤੱਕ ਚੱਲਦਾ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਨੇ ਸੋਨੀਆ ਤੇ ਰਾਹੁਲ ਗਾਂਧੀ ਤੋਂ ਕੈਪਟਨ ਨੂੰ ਵਿਦੇਸ਼ ਤੋਂ ਵਾਪਸ ਬੁਲਾਉਣ ਦੀ ਕੀਤੀ ਮੰਗ

ABOUT THE AUTHOR

...view details