ਚੰਡੀਗੜ੍ਹ : ਪੰਜਾਬ ਦੇ ਮੁਖ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਵਿਚਾਲੇ ਕੋਈ ਨਾ ਕੋਈ ਸ਼ਬਦੀ ਜੰਗ ਚਲਦੀ ਰਹਿੰਦੀ ਹੈ। ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਵੀ ਬਣਦੀ ਹੈ। ਪਰ ਇਸ ਵਾਰ ਬਿਕਰਮ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਦੀ ਤਰੀਫ ਕਰਦੇ ਹੋਏ ਨਜ਼ਰ ਆਏ। ਪਰ ਇਹ ਤਰੀਫ ਥੋੜਾ ਮਜੀਠੀਆ ਸਟਾਈਲ ਵਿੱਚ ਹੀ ਸੀ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੰਜ ਭਰੇ ਲਹਿਜੇ ਵਿੱਚ ਟੈਗ ਕਰਦਿਆਂ ਟਵਿੱਟਰ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਹੁਣ ਇੱਕ ਵੀਡੀਓ ਸ਼ੇਅਰ ਕਰਕੇ ਵਿਅੰਗਆਤਕ ਤਰੀਕੇ ਨਾਲ ਕਿਹਾ ਕਿ ''ਖ਼ਬਰਦਾਰ ਹੁਸ਼ਿਆਰ!! ਜਿਸਨੇ ਵੀ CM SAAB ਦੀਆਂ ਅੱਖਾਂ ਮੰਗਣ ਦੀ ਗੁਸਤਾਖੀ ਕੀਤੀ..ਇਹ ਅੱਖਾਂ ਸਾਡੀ ਜਿੰਦ ਜਾਨ ਨੇ! ਅਸੀ ਅੱਖਾਂ ਮੰਗਣ ਵਾਲੇ ਨਾਲ ਸਹਿਮਤ ਨਹੀਂ...
ਅਰਬੀ ਘੋੜੇ ਮਿਲ ਗਏ : ਇਸ ਟਵੀਟ ਵਿੱਚ ਕਾਮੇਡੀ ਢੰਗ ਨਾਲ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਇੱਕ ਟੀਵੀ ਹੋਸਟ ਅਤੇ ਇੱਕ ਫੋਨ ਕਾਲਰ ਆਪਸ ਵਿੱਚ ਗੱਲ ਕਰ ਰਹੇ ਹਨ। ਇਸ ਦੌਰਾਨ ਜੋ ਜੋ ਉਸ ਵਿੱਚ ਕਿਹਾ ਉਹ ਕਾਫੀ ਹਾਸੋਹੀਣਾ ਹੈ। ਇਸ ਵੀਡੀਓ ਵਿੱਚ ਮੁਖ ਮੰਤਰੀ ਦੀਆਂ ਅੱਖਾਂ ਦਾ ਜ਼ਿਕਰ ਤਾਂ ਹੋਇਆ ਹੀ ਹੈ, ਨਾਲ ਹੀ ਘੋੜਿਆਂ ਦੀ ਵੀਡੀਓ ਵੀ ਲੱਗੀ ਹੋਈ ਹੈ ਜਿਸ ਉੱਤੇ ਅਰਬੀ ਘੋੜੇ ਮਿਲ ਗਏ ਲਿਖਿਆ ਹੈ। ਇਸ ਨੂੰ ਲੈਕੇ ਤਾਂ ਮਜੀਠੀਆ ਹੋਰ ਵੀ ਤਨਜ ਭਰੇ ਲਹਿਜੇ ਵਿੱਚ ਲਿਖਦੇ ਹੋਏ ਨਜ਼ਰ ਆਏ।
ਮਜੀਠੀਆ ਪਰਿਵਾਰ ਚੋਰਾਂ ਦਾ ਪਰਿਵਾਰ: ਦਰਅਸਲ ਪਿਛਲੇ ਦਿਨੀਂ ਸੀਐਮ ਭਗਵੰਤ ਮਾਨ ਨੇ ਇੱਕ ਈਵੈਂਟ ਦੌਰਾਨ ਮਜੀਠੀਆ ਪਰਿਵਾਰ ਦੀ ਗੱਲ ਕਰਦੇ ਹੋਏ ਕਿਹਾ ਸੀ ਕਿ ਮਜੀਠੀਆ ਪਰਿਵਾਰ ਚੋਰਾਂ ਦਾ ਪਰਿਵਾਰ ਹੈ, ਇਹਨਾਂ ਨੇ ਅਰਬੀ ਘੋੜੇ ਚੋਰੀ ਕੀਤੇ ਹਨ। ਉਸ ਤੋਂ ਬਾਅਦ ਤੋਂ ਹੀ ਮਜੀਠੀਆਂ ਵੱਲੋਂ ਜਿਥੇ ਵੀ ਮੌਕੇ ਲੱਗੇ ਮੁੱਖ ਮੰਤਰੀ ਨੂੰ ਘੇਰ ਲੈਂਦੇ ਹਨ। ਜ਼ਿਕਰਯੋਗ ਹੈ ਕਿ ਮੁਖ ਮੰਤਰੀ ਨੇ ਕਿਹਾ ਸੀ ਕਿ 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਸੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ ਸੀ। ਉੱਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ। ਇਸ ਵਫਦ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਵੀ ਸਨ ਜੋ ਬਿਕਰਮ ਮਜੀਠੀਆ ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਚਾਹੀਦਾ ਸੀ ਪਰ ਦੋ ਮਹੀਨਿਆਂ ਬਾਅਦ ਜਦੋਂ ਅਰਬ ਦੇ ਬਾਦਸ਼ਾਹ ਨੇ ਫੋਨ ਕਰਕੇ ਪੁੱਛਿਆ ਕਿ ਘੋੜੇ ਕਿੱਥੇ ਹਨ ਤਾਂ ਭਾਰਤ ਸਰਕਾਰ ਨੇ ਕਿਹਾ ਕਿ ਉਹ ਮੇਰਠ ਤੋਂ ਪਤਾ ਕਰਕੇ ਦੋ ਘੰਟੇ ਦੇ ਅੰਦਰ ਦੱਸਦੇ ਹਨ।
ਭਗਵੰਤ ਮਾਨ ਤਾਂ ਸੁੱਤੇ ਪਏ ਵੀ ਮੇਰਾ ਨਾਮ ਲੈਂਦੇ: ਇਸ ਮਗਰੋਂ ਦੋ ਘੰਟੇ ਬਾਅਦ ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ। ਇਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫੋਨ ਕਰਕੇ ਅਸਤੀਫਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਵਾਲਾ ਮੇਰਠ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ। ਘੋੜਾ ਚੋਰ ਵਾਲੇ ਬਿਆਨ ਤੋਂ ਬਾਅਦ ਮਜੀਠੀਆ ਨੇ ਪ੍ਰੈਸ ਨੂੰ ਸੰਬੋਧਤ ਕਰਦਿਆਂ ਕਿਹਾ ਸੀ ਕਿ ਭਗਵੰਤ ਮਾਨ ਤਾਂ ਸੁੱਤੇ ਪਏ ਵੀ ਮੇਰਾ ਨਾਮ ਲੈਂਦੇ ਹੈ। ਉਹਨਾਂ ਦੇ ਹਿੱਕ 'ਤੇ ਦੌੜਦੇ ਹਨ ਮੇਰੇ ਘੋੜੇ।