ਚੰਡੀਗੜ੍ਹ: ਪੰਜਾਬ 'ਚ ਗੰਨ ਕਲਚਰ ਦੇ ਖਿਲਾਫ ਸਖ਼ਤੀ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਲੋਕਾਂ ਉੱਤੇ ਮਾਮਲੇ ਦਰਜ ਕੀਤੇ ਗਏ ਜਿਸ ਵਿੱਚ ਅੰਮ੍ਰਿਤਸਰ ਦੇ ਇਕ 10 ਸਾਲ ਦੇ ਬੱਚੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੰਨ ਕਲਚਰ ਨੂੰ ਲੈ ਸਿਆਸੀ ਜੰਗ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਜਾਰੀ ਹੈ। ਹੁਣ ਇਕ ਵਾਰ ਫਿਰ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਟਵੀਟ ਤੰਜ ਕੱਸਿਆ ਹੈ।
ਮਜੀਠੀਆਂ ਦਾ ਤੰਜ:ਅੰਮ੍ਰਿਤਸਰ 'ਚ 10 ਸਾਲ ਦੇ ਬੱਚਿਆਂ 'ਤੇ ਐੱਫ.ਆਈ.ਆਰ. ਦਰਜ ਹੋਣ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ 'ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਸੀ ਐਮ ਭਗਵੰਤ ਮਾਨ ਦੀ ਹਥਿਆਰ ਫੜੇ ਵਾਲੀ ਤਸਵੀਰ ਨੂੰ ਟਵੀਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ "ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ? ਪਰ ਪਰਚੇ ਬੱਚਿਆਂ 'ਤੇ ਹੋ ਰਹੇ ਨੇ"
ਮਜੀਠੀਆ ਨੇ CM ਮਾਨ ਦੀ ਹਥਿਆਰ ਨਾਲ ਫੋਟੋ ਕੀਤੀ ਸ਼ੇਅਰ ਬਿਕਰਮ ਮਜੀਠੀਆ ਨੇ CM ਭਗਵੰਤ ਮਾਨ ਦੀ ਬਹੁਤ ਪੁਰਾਣੀ ਤਸਵੀਰ ਟਵੀਟ ਕੀਤੀ ਹੈ। ਤਸਵੀਰ ਵਿੱਚ ਭਗਵੰਤ ਮਾਨ ਦੁਨਾਲੀ ਫੜ ਕੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਟਵੀਟ 'ਚ ਮਜੀਠੀਆ ਨੇ ਸੀਐੱਮ ਮਾਨ 'ਤੇ ਵਿਅੰਗ ਕੱਸਦੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।
ਪੁਲਿਸ ਦੀ ਅਣਗਹਿਲੀ ਕਾਰਨ 10 ਸਾਲ ਦੇ ਬੱਚੇ 'ਤੇ ਪਰਚਾ :ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਮਜੀਠਾ ਦੇ ਥਾਣਾ ਕੱਥੂਨੰਗਲ ਵਿਖੇ 10 ਸਾਲਾ ਬੱਚੇ 'ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਤਸਵੀਰ ਪੁਰਾਣੀ ਸੀ ਅਤੇ ਬੱਚਾ ਉਦੋਂ 4 ਸਾਲ ਦਾ ਸੀ। ਇੰਨਾ ਹੀ ਨਹੀਂ ਇਹ ਤਸਵੀਰ ਬੱਚੇ ਨੇ ਆਪਣੇ ਕਿਸੇ ਸੋਸ਼ਲ ਅਕਾਊਂਟ 'ਤੇ ਨਹੀਂ, ਸਗੋਂ ਉਸ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਉਹ ਵੀ 6 ਸਾਲ ਪਹਿਲਾਂ ਜਿਸ ਨੂੰ ਲੈ ਕੇ ਮਾਮਲਾ ਦਰਜ ਕਰਨ ਵਾਲੇ ਪੁਲਿਸ ਦੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ।
ਪੰਜਾਬ ਸਰਕਾਰ ਨੇ ਦਿੱਤਾ 3 ਦਿਨਾਂ ਦਾ ਸਮਾਂ:10 ਸਾਲ ਦੇ ਬੱਚੇ 'ਤੇ ਐਫਆਈਆਰ ਮਾਮਲੇ 'ਚ ਉਲਝਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਸੀਐਮ ਭਗਵੰਤ ਮਾਨ ਨੂੰ ਆਪਣੀ ਕਾਰਵਾਈ ਰੋਕਣੀ ਪਈ। ਸ਼ਨੀਵਾਰ ਸ਼ਾਮ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਅਗਲੇ ਤਿੰਨ ਦਿਨਾਂ ਤੱਕ ਯਾਨੀ ਮੰਗਲਵਾਰ ਸ਼ਾਮ ਤੱਕ ਪੰਜਾਬ ਪੁਲਿਸ ਹਥਿਆਰਾਂ ਸਬੰਧੀ ਕੋਈ ਐਫਆਈਆਰ ਦਰਜ ਨਹੀਂ ਕਰੇਗੀ। ਲੋਕਾਂ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰਾਂ ਹਟਾਉਣ ਦਾ ਆਦੇਸ਼ ਦਿੱਤਾ ਗਿਆ ਸੀ।
ਕੀ ਮਜੀਠੀਆ ਖਿਲਾਫ ਵੀ ਹੋਵੇਗੀ ਕਾਰਵਾਈ:ਉਂਝ ਪੰਜਾਬ ਪੁਲਿਸ ਨੇ ਹਥਿਆਰਾਂ ਨਾਲ ਤਸਵੀਰਾਂ ਦੇ ਮਾਮਲੇ ਵਿੱਚ ਤਿੰਨ ਦਿਨ ਦਾ ਸਮਾਂ ਦਿੱਤਾ ਹੈ। ਇਹ ਹੁਕਮ ਭਲਕੇ ਸ਼ਾਮ ਤੱਕ ਲਾਗੂ ਹਨ, ਪਰ ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸੀਐਮ ਭਗਵੰਤ ਮਾਨ ਦੀ ਤਸਵੀਰ ਵਾਇਰਲ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ 'ਤੇ ਕੀ ਕਾਰਵਾਈ ਕਰਦੇ ਹਨ। ਕਿਉਂਕਿ ਪੁਲਿਸ ਦਾ ਕਹਿਣਾ ਰਿਹਾ ਸੀ ਕਿ ਹਥਿਆਰ ਨਾਲ ਕਿਸੇ ਹੋਰ ਸਖ਼ਸ਼ ਦੀ ਤਸਵੀਰ ਨੂੰ ਆਪਣੇ ਅਕਾਉਂਟ ਉੱਤੇ ਸ਼ੇਅਰ ਕਰਨ ਵਾਲੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਹਾਦਸਿਆਂ ਦਾ ਕਾਰਨ ਬਣ ਰਹੇ ਨੇ ਅਵਾਰਾ ਪਸ਼ੂ, ਸ਼ਹਿਰ ਨੂੰ ਇਹਨਾਂ ਤੋਂ ਮੁਕਤ ਕਰਨ ਲਈ ਵਿਸ਼ੇਸ਼ ਉਪਰਾਲਾ