ਚੰਡੀਗੜ੍ਹ: ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਬਿਕਰਮ ਮਜੀਠੀਆ ਵੱਲੋਂ ਚੰਡੀਗੜ੍ਹ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਅਕਾਲੀ ਦਲ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬੀਆਂ ਅਤੇ ਗੁਰੂ ਨਾਨਕ ਨਾਮ (Bikram Majithia Press Conference) ਲੇਵਾ ਸੰਗਤਾਂ ਅਤੇ ਮਨੁੱਖਤਾ ਲਈ ਹੈ। ਸੁਪਰੀਮ ਕੋਰਟ ਦੀ ਟਿੱਪਣੀ ਸੀ ਕਿ ਭਾਈ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ 2-2 ਮਹੀਨਿਆਂ ਦਾ ਸਮਾਂ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ। 30 ਸਤੰਬਰ ਨੂੰ ਜਵਾਬ ਮੰਗਿਆ ਗਿਆ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਅਸੀਂ ਅਤੇ ਸਾਰੇ ਪੰਜਾਬੀਆਂ ਵੱਲੋਂ ਪੀਐੱਮ ਨੂੰ ਬਿਲਕਿਸ ਬਾਨੋ ਦੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਿਲਕਿਸ ਬਾਨੋ ਕੇਸ ਵਿੱਚ 15 ਸਾਲ ਬਾਅਦ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇੱਕੋ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2019 ਵਿੱਚ ਜੋ ਐਲਾਨ ਕੀਤਾ ਸੀ ਕਿ ਉਹ ਪੱਤਰ ਵੀ ਮੌਜੂਦ ਹੈ। ਮੋਦੀ ਅਤੇ ਸ਼ਾਹ ਆਪਣੇ ਵਿਭਾਗ ਵੱਲੋਂ ਜਾਰੀ ਪੱਤਰ 'ਤੇ ਪਹਿਰਾ ਦੇਣ, ਜੋ ਉਮਰ ਕੈਦ ਵਿੱਚ ਹਨ ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਵੇ। ਬਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਐਮਰਜੈਂਸੀ ਅਤੇ ਸਿੱਖ ਨਸਲਕੁਸ਼ੀ ਹੋਈ ਤਾਂ ਕਾਂਗਰਸ ਦੀ ਸਰਕਾਰ ਸੀ, ਉਸ ਤੋਂ ਬਾਅਦ ਕਾਂਗਰਸ ਦੇ ਰਾਜ ਦੌਰਾਨ ਪੰਜਾਬ ਨੇ ਜੋ ਵੀ ਬਰਦਾਸ਼ਤ ਕੀਤਾ, ਸਿੱਖ ਕੈਦੀਆਂ ਨੂੰ ਉਹੀ ਸਜ਼ਾ ਭੁਗਤਣੀ ਪੈ ਰਹੀ ਹੈ। ਹੁਣ ਗੇਂਦ ਗ੍ਰਹਿ ਮੰਤਰਾਲੇ ਦੇ ਪਾਲੇ ਵਿੱਚ ਹੈ।