ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਘਨੌਰ ਵਿਖੇ ਨਾਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਦਾ ਇੱਕ ਮਹੀਨੇ ਤੱਕ ਬਚਾਅ ਕਰਨ ਦੇ ਦੋਸ਼ ਵਿੱਚ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਅਕਾਲੀ ਦਲ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸੀ ਵਿਧਾਇਕ ਨੇ ਖਾਨਪੁਰ ਖੁਰਦ ਦੇ ਸਰਪੰਚ ਅਮਰੀਕ ਵੱਲੋਂ ਕੱਲ੍ਹ ਸ਼ੰਭੂ ਪੁਲਿਸ ਥਾਣੇ ਵਿੱਚ ਆਤਮ ਸਮਰਪਣ ਕਰਨ ਵੇਲੇ ਦੋ ਕਾਂਗਰਸੀਆਂ ਦੀ ਉਸਦੇ ਨਾਲ ਜਾਣ ਲਈ ਡਿਊਟੀ ਲਗਾਈ। ਉਨ੍ਹਾਂ ਕਿਹਾ ਕਿ ਇੱਕ ਹੋਰ ਮੁਲਜ਼ਮ ਨੂੰ ਨੇੜਲੇ ਬਨੂੜ ਤੋਂ ਗ੍ਰਿਫਤਾਰ ਕੀਤਾ ਗਿਆ ਵਿਖਾਇਆ ਗਿਆ ਹੈ, ਇਸ ਤੋਂ ਸੰਕੇਤ ਮਿਲਦੇ ਹਨ ਕਿ ਦੋਵਾਂ ਮੁਲਜ਼ਮਾਂ ਵੱਲੋਂ ਆਤਮ ਸਮਰਪਣ ਕਰਨ ਦੀ ਯੋਜਨਾ ਕਾਂਗਰਸੀ ਵਿਧਾਇਕ ਨੇ ਕੇਸ ਦੇ ਸਾਰੇ ਸਬੂਤ ਮਿਟਾਉਣ ਮਗਰੋਂ ਬਣਾਈ ਹੈ।
ਮਲੂਕਾ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਸਿਰਫ਼ ਇੱਕੋ ਇੱਕ ਰਾਹ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕਰਨ ਦਾ ਬਚਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਮਦਨ ਲਾਲ ਜਲਾਲਪੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹ ਕੇਸ ਦੇ ਸਾਰੇ ਰਾਜ ਖੋਲ੍ਹ ਦੇਵੇਗਾ ਕਿਉਂਕਿ ਇਸੇ ਕੇਸ ਦੇ ਕਾਰਨ ਹੀ ਸੂਬੇ ਦੇ ਆਬਕਾਰੀ ਵਿਭਾਗ ਨੂੰ ਪਿਛਲੇ ਤਿੰਨ ਸਾਲਾਂ ਦੌਰਾਨ 5600 ਕਰੋੜ ਰੁਪਏ ਮਾਲੀਆ ਘਾਟਾ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜਲਾਲਪੁਰ ਨੇ ਸ਼ਰੇਆਮ ਇਹ ਕਬੂਲ ਕੀਤਾ ਸੀ ਕਿ ਅਮਰੀਕ ਸਿੰਘ ਉਸਦਾ ਨੇੜਲਾ ਸਾਥੀ ਹੈ ਤੇ ਇਹ ਇੱਕ ਸੱਚਾਈ ਹੈ ਕਿ ਉਸਦੀ ਪਤਨੀ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਯੁਕਤ ਕਰਵਾਉਣ ਵਿੱਚ ਉਸਦੀ ਭੂਮਿਕਾ ਤੋਂ ਜਗ ਜਾਣੂ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਘੁਟਾਲੇ ਦਾ ਖੁਲਾਸਾ ਹੋਣ ਤੋਂ ਲੈ ਕੇ ਹੁਣ ਤੱਕ ਅਮਰੀਕ ਸਿੰਘ ਤੇ ਹੋਰ ਮੁਲਜ਼ਮ ਕਿੱਥੇ ਲੁਕੇ ਹੋਏ ਸਨ ?
ਅਕਾਲੀ ਆਗੂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਅਮਰੀਕ ਸਿੰਘ ਤੇ ਦੂਜਾ ਮੁਲਜ਼ਮ ਦਿਪੇਸ਼ ਜੋ ਕਿ ਦੂਜੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਵਿਸ਼ਵਾਸਪਾਤਰ ਹੈ, ਇਨ੍ਹਾਂ ਕਾਂਗਰਸੀ ਵਿਧਾਇਕਾਂ ਦੀਆਂ ਕੇਵਲ ਕਠਪੁਤਲੀਆਂ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਹਜ਼ਾਰਾਂ ਕਰੋੜਾਂ ਰੁਪਏ ਦਾ ਵਪਾਰ ਕੀਤਾ ਗਿਆ ਹੈ। ਇਹ ਗੈਂਗ ਫੈਕਟਰੀ ਚਲਾ ਰਿਹਾ ਸੀ ਤੇ ਇਹ ਸਰਹੱਦ ਪਾਰ ਹਰਿਆਣਾ ਤੱਕ ਸ਼ਰਾਬ ਦੀ ਸਮਗਲਿੰਗ ਕਰ ਰਿਹਾ ਸੀ। ਇਸ ਸਭ ਦੇ ਬਾਵਜੂਦ ਸੂਬੇ ਦੀ ਪੁਲਿਸ ਇਸ ਮਾਮਲੇ ਵਿੱਚ ਹੌਲੀ ਰਫਤਾਰ ਨਾਲ ਚਲ ਰਹੀ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਜੱਦੀ ਜ਼ਿਲ੍ਹਾ ਹੋਣ ਕਾਰਨ ਪੁਲਿਸ ਨੂੰ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਲਈ ਸਪਸ਼ਟ ਨਿਰਦੇਸ਼ ਨਹੀਂ ਦਿੱਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੇ ਖ਼ਿਲਾਫ਼ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਉਸਦੀ ਕੀੜੀ ਅਫਗਾਨਾ ਜ਼ਿਲ੍ਹਾ ਗੁਰਦਾਸਪੁਰ ਵਿਚਲੀ ਡਿਸਟੀਲਰੀ ਵਿੱਚੋਂ ਦੋ ਟਰੱਕ ਭਰ ਕੇ ਨਜਾਇਜ਼ ਸ਼ਰਾਬ ਫੜੀ ਗਈ ਸੀ। ਉਨ੍ਹਾਂ ਕਿਹਾ ਕਿ ਘਾਟਿਆਂ ਦੇ ਬਾਵਜੂਦ ਸ਼ਰਾਬ ਦੇ ਠੇਕੇਦਾਰਾਂ ਨੂੰ 673 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ।