ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪ੍ਰਾਈਵੇਟ ਖੰਡ ਮਿੰਲਾਂ ਤੋਂ ਗੰਨਾ ਉਤਪਾਦਕ ਕਿਸਾਨਾਂ ਦੇ 383 ਕਰੋੜ ਰੁਪਏ ਦੇ ਬਕਾਏ ਵਿਆਜ ਸਮੇਤ ਜਾਰੀ ਕਰਵਾਉਣ। ਇਹ ਵੀ ਮੰਗ ਕੀਤੀ ਕਿ ਬੀਜ ਘੁਟਾਲੇ ਦੇ ਮੁੱਖ ਸਰਗਨਾ ਨੂੰ ਬੇਨਕਾਬ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਖ਼ਜ਼ਾਨਾ ਵਿਭਾਗ ਤੇ ਸ਼ੂਗਰਫੈਡ ਨੂੰ ਤਾਂ ਗੰਨਾ ਉਤਪਾਦਕ ਕਿਸਾਨਾਂ ਦੇ 299 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਲਈ ਤਾਂ ਕਹਿ ਦਿੱਤਾ ਪਰ ਪ੍ਰਾਈਵੇਟ ਖੰਡ ਮਿੱਲਾਂ ਤੋਂ ਕਿਸਾਨਾਂ ਦੇ ਬਕਾਏ ਕਢਵਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ।
ਮਲੂਕਾ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੰਲਾਂ ਵੱਲ ਕਿਸਾਨਾਂ ਦੇ 2018-19 ਅਤੇ 2019-20 ਦੇ ਸੀਜ਼ਨਾਂ ਵਿੱਚ ਖਰੀਦੇ ਗੰਨੇ ਦੇ 383 ਕਰੋੜ ਰੁਪਏ ਬਕਾਇਆ ਹਨ ਜਦਕਿ 2019-20 ਦਾ ਸੀਜ਼ਨ ਖਤਮ ਹੋਣ ਮਗਰੋਂ ਵੀ ਕੋਈ ਬਕਾਇਆ ਅਦਾ ਨਹੀਂ ਕੀਤਾ ਗਿਆ।
ਮਲੂਕਾ ਨੇ ਕਿਹਾ ਕਿ ਸ਼ੂਗਰਕੇਨ ਪਰਚੇਜ਼ ਐਂਡ ਰੈਗੂਲੇਸ਼ਨ ਐਕਟ ਦੇ ਸ਼ੂਗਰਕੇਨ ਕੰਟਰੋਲ ਆਰਡਰ ਦੀ ਧਾਰਾ 3 (3) ਦੇ ਮੁਤਾਬਕ ਖੰਨਾ ਮਿੱਲਾਂ ਨੇ ਗੰਨੇ ਦੀ ਖਰੀਦ ਤੋਂ 14 ਦਿਨਾਂ ਦੇ ਅੰਦਰ-ਅੰਦਰ ਅਦਾਇਗੀ ਕਰਨੀ ਹੁੰਦੀ ਹੈ ਤੇ ਦੇਰੀ ਨਾਲ ਅਦਾਇਗੀ 'ਤੇ ਵਿਆਜ਼ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਅਨੁਸਾਰ ਹੀ ਕਿਸਾਨਾਂ ਦੇ ਸਾਰੇ ਬਕਾਏ ਵਿਆਜ ਸਮੇਤ ਅਦਾ ਕੀਤੇ ਜਾਣੇ ਚਾਹੀਦੇ ਹਨ।