ਚੰਡੀਗੜ੍ਹ: ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ AIG ਆਸ਼ੀਸ਼ ਕਪੂਰ ਨੂੰ ਅੱਜ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲ ਸਕੀ। ਹਾਈਕੋਰਟ 'ਚ ਕਪੂਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਕ ਧਿਰ ਵਲੋਂ ਅਦਾਲਤ 'ਚ ਉਨ੍ਹਾਂ ਦੀ ਇਕ ਵੀਡੀਓ ਦਿਖਾਈ ਗਈ। ਜਿਸ 'ਚ ਉਹ ਇਕ ਔਰਤ ਨੂੰ ਥੱਪੜ ਮਾਰ ਰਹੇ ਹਨ। ਇਸ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।
ਪਤਨੀ ਤੋਂ ਪੁੱਛਗਿੱਛ :ਏਆਈਜੀ ਆਸ਼ੀਸ਼ ਕਪੂਰ ਕਰੀਬ 5 ਮਹੀਨਿਆਂ ਤੋਂ ਜੇਲ੍ਹ ਵਿੱਚ ਹਨ। ਭ੍ਰਿਸ਼ਟਾਚਾਰ ਦੇ ਕੇਸ ਵਿੱਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਤੋਂ ਉਹ ਜ਼ਮਾਨਤ ਨਹੀਂ ਲੈ ਸਕੇ ਹਨ। ਦੂਜੇ ਪਾਸੇ ਪੰਜਾਬ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਤੋਂ ਵੀ ਪੁੱਛਗਿੱਛ ਕੀਤੀ ਹੈ। ਕਪੂਰ ਜੋੜਾ ਇਕੱਠੇ ਅਮਰੀਕਾ-ਕੈਨੇਡਾ ਸਮੇਤ ਕਈ ਹੋਰ ਦੇਸ਼ਾਂ ਦੀ ਸੈਰ 'ਤੇ ਗਿਆ ਸੀ। ਜਾਂਚ ਟੀਮ ਨੇ ਉਸ ਤੋਂ ਟਿਕਟਾਂ, ਵਿਦੇਸ਼ ਰਹਿਣ ਅਤੇ ਹੋਰ ਖਰਚਿਆਂ ਸਬੰਧੀ ਜਵਾਬ ਮੰਗਿਆ ਹੈ।
ਔਰਤ ਨੇ ਵੀ ਲਗਾਏ ਬਲਾਤਕਾਰ ਦੇ ਇਲਜ਼ਾਮ : ਜ਼ਿਕਰਯੋਗ ਹੈ ਕਿ ਏਆਈਜੀ ਆਸ਼ੀਸ਼ ਕਪੂਰ 'ਤੇ ਵੀ ਇੱਕ ਔਰਤ ਨੇ ਬਲਾਤਕਾਰ ਅਤੇ ਜਬਰ-ਜ਼ਨਾਹ ਦੇ ਇਲਜ਼ਾਮ ਲਾਏ ਹਨ। ਔਰਤ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ, ਜਦੋਂ ਕਿ ਆਸ਼ੀਸ਼ ਕਪੂਰ 'ਤੇ ਬਲਾਤਕਾਰ ਕਰਨ ਅਤੇ ਮਦਦ ਦੇ ਬਦਲੇ ਉਸ ਤੋਂ ਪੈਸੇ ਵਸੂਲਣ ਦਾ ਦੋਸ਼ ਹੈ। ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਵੀ ਪੀੜਤਾ ਨੂੰ ਮਿਲੇ ਹਨ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਵੀ ਲਿਖਿਆ ਹੈ।
ਜ਼ਿਕਯੋਗ ਹੈ ਕਿ ਵਿਜੀਲੈਂਸ ਬਿਓਰੋ ਨੇ ਤਿੰਨੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਅਸ਼ੀਸ਼ ਕਪੂਰ ਨੇ ਥਾਣਾ ਜ਼ੀਰਕਪੁਰ ਦੇ ਤੱਤਕਾਲੀ ਐਸਐਚਓ ਪਵਨ ਕੁਮਾਰ, ਅਤੇ ਏਐਸਆਈ ਹਰਜਿੰਦਰ ਸਿੰਘ ਦੀ ਮਿਲੀਭੁਗਤ ਨਾਲ ਪੂਨਮ ਰਾਜਨ ਦੀ ਭਰਜਾਈ ਪ੍ਰੀਤੀ ਨੂੰ ਬੇਕਸੂਰ ਕਰਾਰ ਦੇ ਦਿੱਤਾ ਸੀ। ਇਸ ਮੱਦਦ ਦੇ ਬਦਲੇ ਵਿੱਚ ਆਸ਼ੀਸ਼ ਕਪੂਰ ਨੇ ਉਕਤ ਪ੍ਰੇਮ ਲਤਾ ਤੋਂ 1,00,00,000 ਦੀ ਰਕਮ ਦੇ ਵੱਖ-ਵੱਖ ਚੈੱਕਾਂ 'ਤੇ ਦਸਤਖਤ ਕਰਵਾ ਲਏ ਜੋ ਆਪਣੇ ਜਾਣਕਾਰਾਂ ਦੇ ਨਾਂ 'ਤੇ ਜਮ੍ਹਾ ਕਰਵਾ ਕੇ ਏਐੱਸਆਈ ਹਰਜਿੰਦਰ ਸਿੰਘ ਰਾਹੀਂ ਰੁਪਏ ਪ੍ਰਾਪਤ ਕਰ ਲਏ ਸਨ ਇਸ ਜ਼ੁਰਮ ਦੇ ਵਿੱਚ ਏਆਈਜੀ ਆਸ਼ੀਸ਼ ਕਪੂਰ 5 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ।
ਇਹ ਵੀ ਪੜ੍ਹੋ:-DCW Cheif Swati Maliwal ਦੇ ਸਾਬਕਾ ਪਤੀ ਨਵੀਨ ਜੈਹਿੰਦ ਨੇ ਕਿਹਾ-ਆਪਣਾ ਨਾਰਕੋ ਟੈਸਟ ਕਰਵਾਓ ਸਵਾਤੀ