ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸਿੱਖ ਚਿਹਰਾ, ਹਿੰਦੂ ਚਿਹਰਾ, ਦਲਿਤ ਚਿਹਰਾ,ਇਨ੍ਹਾਂ ਚੀਜ਼ਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਵੀ ਇਨ੍ਹਾਂ ਚੀਜ਼ਾਂ ਨੂੰ ਖੂਬ ਵੇਚਦੀ ਹੈ ਤੇ ਲੋਕਾਂ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਕਰਦੀ ਹੈ। ਅਜਿਹਾ ਹੀ ਇੱਕ ਬਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਸੀ, ਜਿਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ।
ਜਿੱਥੇ ਉਨ੍ਹਾਂ ਨੇ ਕਿਹਾ ਕਿ ਕਿਉਂਕਿ ਉਹ ਹਿੰਦੂ ਚਿਹਰੇ ਸੀ, ਇਸ ਕਰਕੇ ਉਨ੍ਹਾਂ ਨੂੰ ਸੀ.ਐਮ ਨਹੀਂ ਬਣਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਕਿਹਾ ਕਿ 2 ਵਿਧਾਇਕਾਂ ਦੇ ਸਪੋਰਟ ਵਾਲੇ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਲਗਾਤਾਰ ਕਾਂਗਰਸ ਨੂੰ ਘੇਰ ਰਹੇ ਹਨ। ਜਿੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਕਿਹਾ ਕਿ ਕਿਉਂਕਿ ਸੁਨੀਲ ਜਾਖੜ ਹਿੰਦੂ ਹੈ, ਇਸ ਕਰਕੇ ਕਾਂਗਰਸ ਨੇ ਉਨ੍ਹਾਂ ਨੂੰ ਸੀ.ਐਮ ਨਹੀਂ ਬਣਾਇਆ।
ਕਾਂਗਰਸ ਹਿੰਦੂ ਵਿਰੋਧੀ: ਰਾਘਵ ਚੱਢਾ
ਰਾਘਵ ਚੱਢਾ ਨੇ ਮੋਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਕਾਂਗਰਸ ਹਿੰਦੂ ਸਮਾਜ ਦੇ ਖ਼ਿਲਾਫ਼ ਹੈ। ਇਸ ਕਰਕੇ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਸੀ.ਐਮ ਨਹੀਂ ਬਣਾਇਆ। ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰ ਦੱਸਿਆ ਕਿ ਕਾਂਗਰਸ ਹਮੇਸ਼ਾ ਤੋਂ ਹੀ ਸਮਾਜ ਦੇ ਵਿੱਚ ਧਰਮ ਅਤੇ ਜਾਤੀ ਦੇ ਆਧਾਰ 'ਤੇ ਲੋਕਾਂ ਨੂੰ ਵੰਡਦੀ ਆਈ ਹੈ ਤੇ ਹੁਣ ਸੁਨੀਲ ਜਾਖੜ ਨੇ ਇਸ 'ਤੇ ਪੁਸ਼ਟੀ ਵੀ ਕਰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਨਫ਼ਰਤ ਫੈਲਾਉਣਾ ਚਾਹੁੰਦੀ ਹੈ।
ਬਾਕੀ ਵਿਰੋਧੀ ਧਿਰਾਂ ਨੇ ਵੀ ਕਾਂਗਰਸ ਨੂੰ ਘੇਰਿਆ
ਸੁਨੀਲ ਜਾਖੜ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਕਾਂਗਰਸ ਦੇ ਵਿਚ ਜਿੱਥੇ ਖਲਬਲੀ ਮਚੀ ਹੋਈ ਹੈ ਤੇ ਕਈ ਦਿਨਾਂ ਤੋਂ ਸੀ.ਐੱਮ ਚਿਹਰੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਹੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ ਅਤੇ ਰਾਹੁਲ ਗਾਂਧੀ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ। ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਕਾਂਗਰਸ ਆ ਗਈ ਹੈ।