ਚੰਡੀਗੜ੍ਹ: ਸ਼ਹਿਰ ਵਿੱਚ ਕਰਫਿਊ ਹਟਾਉਣ ਅਤੇ ਐੱਮਐੱਚਏ ਦੇ ਦਿਸ਼ਾ ਨਿਰਦੇਸ਼ ਨੂੰ ਨਾ ਮੰਨਣ ਨੂੰ ਲੈ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਵਕੀਲ ਪੰਕਜ ਚਾਂਦਗੋਟੀਆਂ ਨੇ ਹੁਣ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਸਿਹਤ ਮੰਤਰੀ ਨੂੰ ਇੱਕ ਲੀਗਲ ਡਿਮਾਂਡ ਨੋਟਿਸ ਭੇਜਿਆ ਹੈ।
ਉਨ੍ਹਾਂ ਨੇ ਇਸ ਨੋਟਿਸ ਵਿੱਚ ਚੰਡੀਗੜ੍ਹ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰ ਸਰਕਾਰ ਤੋਂ ਇੱਕ ਅਬਜ਼ਰਵਰ ਚੰਡੀਗੜ੍ਹ ਵਿੱਚ ਨਿਯੁਕਤ ਕਰਨ ਦੇ ਲਈ ਅਪੀਲ ਕੀਤੀ ਹੈ।
ਦੱਸ ਦੇਈਏ ਇਸ ਤੋਂ ਪਹਿਲਾਂ ਵਕੀਲ ਚਾਂਦਗੋਟੀਆਂ ਨੇ ਇਸ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕਰਕੇ ਇਹ ਮੁੱਦਾ ਉਠਾਇਆ, ਜਿਸ 'ਤੇ ਹਾਲੇ ਸੁਣਵਾਈ ਚੱਲ ਰਹੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਵਕੀਲ ਚਾਂਦਗੋਟੀਆਂ ਨੇ ਦੱਸਿਆ ਹੈ ਕਿ ਚੰਡੀਗੜ੍ਹ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਉਨ੍ਹਾਂ ਨੇ 9 ਮਈ ਨੂੰ ਬਾਪੂਧਾਮ ਕਲੋਨੀ ਤੋਂ ਆਏ 21 ਕੋਰੋਨਾ ਪੌਜ਼ੀਟਿਵ ਮਾਮਲਿਆਂ ਦੇ ਬਾਰੇ ਵੀ ਜ਼ਿਕਰ ਕੀਤਾ।