ਚੰਡੀਗੜ੍ਹ: NIA ਵਲੋਂ ਪਿਛਲੇ ਦਿਨੀਂ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਗਈ। ਇਸ ਦੌਰਾਨ ਕਈ ਵਕੀਲਾਂ ਦੇ ਘਰ ਵੀ ਇਹ ਰੇਡ ਹੋਈ। ਚੰਡੀਗੜ੍ਹ ਸਥਿਤ ਵਕੀਲ ਡਾ. ਸ਼ੈਲੀ ਸ਼ਰਮਾ ਦੇ ਸੈਕਟਰ-27 ਸਥਿਤ ਘਰ ਅਤੇ ਦਫ਼ਤਰ 'ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੇ ਛਾਪੇ ਦੇ ਵਿਰੋਧ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲਾਂ ਦਾ ਕੰਮ ਬੰਦ ਰਹੇਗਾ।
ਅਜਿਹੇ 'ਚ ਸਿਵਲ ਅਤੇ ਫੌਜਦਾਰੀ ਮਾਮਲਿਆਂ ਦੀ ਸੁਣਵਾਈ ਪ੍ਰਭਾਵਿਤ ਹੋਵੇਗੀ। ਹਾਈਕੋਰਟ ਬਾਰ ਐਸੋਸੀਏਸ਼ਨ ਦੇ ਸਕੱਤਰ ਵਿਸ਼ਾਲ ਅਗਰਵਾਲ ਨੇ ਕਿਹਾ ਹੈ ਕਿ ਬਾਰ ਐਨਆਈਏ ਦੀ ਵਕੀਲ ਸ਼ੈਲੀ ਸ਼ਰਮਾ ਦੇ ਘਰ 'ਤੇ ਗੈਰ-ਕਾਨੂੰਨੀ ਛਾਪੇਮਾਰੀ ਦਾ ਵਿਰੋਧ ਕਰਦੀ ਹੈ ਅਤੇ ਇਸ ਘਟਨਾ ਦੇ ਵਿਰੋਧ ਵਿੱਚ ਹਾਈ ਕੋਰਟ 20 ਅਕਤੂਬਰ ਨੂੰ ਬੰਦ ਰਹੇਗੀ।
ਦੂਜੇ ਪਾਸੇ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀਬੀਏ) ਵੱਲੋਂ ਵੀ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਬੰਦ ਰਹੇਗਾ। ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਟੋਨੀ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਡੀਬੀਏ ਦੀ ਕਾਰਜਕਾਰਨੀ ਕਮੇਟੀ ਇਸ ਮੁੱਦੇ ’ਤੇ ਵਿਚਾਰ ਕਰਕੇ ਅਗਲੀ ਰਣਨੀਤੀ ਤਿਆਰ ਕਰੇਗੀ।
ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੇ ਚੇਅਰਮੈਨ ਸੁਵੀਰ ਸਿੱਧੂ ਨੇ ਕਿਹਾ ਹੈ ਕਿ ਇਸ ਤਰ੍ਹਾਂ ਵਕੀਲਾਂ ਦੇ ਕੰਮ ਵਿੱਚ ਦਖ਼ਲ ਦੇਣਾ ਗ਼ਲਤ ਹੈ। ਇਹ ਐਡਵੋਕੇਟਸ ਐਕਟ, 1961 ਅਤੇ ਐਵੀਡੈਂਸ ਐਕਟ ਦੇ ਵੀ ਵਿਰੁੱਧ ਹੈ। ਬਾਰ ਕੌਂਸਲ ਨੇ ਇਸ ਮੁੱਦੇ ’ਤੇ ਮੀਟਿੰਗ ਸੱਦੀ ਸੀ ਜਿਸ ਵਿੱਚ ਸਾਰੇ 27 ਮੈਂਬਰ ਸ਼ਾਮਲ ਹੋਏ। ਇਸ ਵਿੱਚ ਐਨਆਈਏ ਦੀ ਵਕੀਲਾਂ 'ਤੇ ਕਾਰਵਾਈ ਖ਼ਿਲਾਫ਼ ਨਿੰਦਾ ਮਤਾ ਲਿਆਂਦਾ ਗਿਆ ਅਤੇ ਕਿਹਾ ਗਿਆ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਕੁਝ ਕਦਮ ਚੁੱਕੇ ਜਾਣ।