ਮੁਹਾਲੀ: ਵਿਸ਼ਵ ਸਿਹਤ ਦਿਹਾੜਾ ਸਾਲ 2023 ਦਾ ਇਸ ਵਾਰ ਦਾ ਥੀਮ 'ਹੈਲਥ ਫਾਰ ਆਲ' ਯਾਨਿ ਕਿ ਸਾਰਿਆਂ ਨੂੰ ਚੰਗੀ ਗੁਣਾਤਮਕਤਾ ਵਾਲੀਆਂ ਸਿਹਤ ਸੇਵਾਵਾਂ ਦੀ ਬਰਾਬਰ ਪਹੁੰਚ ਵਿੱਚ ਸ਼ਾਮਿਲ ਕਰਨਾ। ਜਿਸ ਦਾ ਮਕਸਦ ਹੈ ਸਾਰੇ ਵਰਗਾਂ ਤੱਕ ਸਾਰੀਆਂ ਸਿਹਤ ਸੇਵਾਵਾਂ ਪਹੁੰਚਾਉਣਾ। ਵਿਸ਼ਵ ਪੱਧਰ 'ਤੇ ਇਹ ਦਿਨ ਸਿਹਤ ਖੇਤਰ ਦੇ ਮਾਪਦੰਡਾਂ ਦੀ ਰਹਿਨੁਮਾਈ ਕਰਦਾ ਹੈ। ਇਸ ਸਭ ਦੇ ਵਿਚਾਲੇ ਪੰਜਾਬ ਦਾ ਸਿਹਤ ਮਾਡਲ ਹਮੇਸ਼ਾ ਚਰਚਾਵਾਂ ਵਿੱਚ ਰਹਿੰਦਾ ਹੈ ਅਤੇ ਮੌਜੂਦਾ ਸਰਕਾਰ ਤਾਂ ਪੰਜਾਬ ਵਿੱਚ ਇਕ ਚੰਗਾ ਸਿਹਤ ਮਾਡਲ ਹੋਣ ਦਾ ਦਾਅਵਾ ਕਰਦੀ ਹੈ। ਵਿਸ਼ਵ ਸਿਹਤ ਦਿਹਾੜੇ ਮੌਕੇ ਗੱਲ ਕਰਦੇ ਹਾਂ ਕਿ "ਹੈਲਥ ਫਾਰ ਆਲ" ਦਾ ਥੀਮ ਪੰਜਾਬ ਦੇ ਸਿਹਤ ਖੇਤਰ ਲਈ ਕਿੰਨਾ ਢੁੱਕਵਾਂ ਹੈ ?
75 ਸਾਲ ਬਾਅਦ ਆਇਆ ਹੈਲਥ ਫਾਰ ਆਲ ਦਾ ਥੀਮ:ਵਿਸ਼ਵ ਸਿਹਤ ਦਿਹਾੜੇ ਮੌਕੇ 75 ਸਾਲ ਬਾਅਦ ਹੈਲਥ ਫਾਰ ਆਲ ਦਾ ਥੀਮ ਆਇਆ ਹੈ। ਜਿਸ ਦਾ ਮਕਸਦ ਹੁਣ ਇਹ ਹੈ ਕਿ ਸਿਹਤ ਸੁਵਿਧਾਵਾਂ ਉਹਨਾਂ ਲੋਕਾਂ ਤੱਕ ਵੀ ਪਹੁੰਚਾਈਆਂ ਜਾਣ ਜਿਹਨਾਂ ਕੋਲ ਹੁਣ ਤੱਕ ਨਹੀਂ ਪਹੁੰਚ ਸਕੀਆਂ। ਸਿਹਤ ਮਾਹਿਰਾਂ ਦੀ ਮੰਨੀਏ ਤਾਂ ਹੁਣ ਤੱਕ 'ਹੈਲਥ ਫਾਰ ਆਲ' ਦਾ ਟੀਚਾ ਮੁਕੰਮਲ ਨਹੀਂ ਹੋ ਸਕਿਆ। ਪੰਜਾਬ ਵਿੱਚ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਚੰਗੀ ਸਿਹਤ ਨੂੰ ਸਾਰੇ ਵਰਗਾਂ ਤੱਕ ਪਹੁੰਚਾਇਆ ਜਾਵੇ। ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਸਥਾਪਿਤ ਕਰਕੇ ਇਕ ਨਵੇਂ ਸਿਹਤ ਮਾਡਲ ਦੀ ਪਿਰਤ ਪਾਈ। ਏਮਜ਼ ਮੁਹਾਲੀ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਦਾ ਡਾਕਟਰ ਬਵਨੀਤ ਭਾਰਤੀ ਦਾ ਕਹਿਣਾ ਹੈ ਕਿ ਹੁਣ ਵਕਤ ਆ ਗਿਆ ਹੈ ਕਿ ਹੈਲਥ ਫਾਰ ਆਲ ਨੂੰ ਘਰ-ਘਰ ਪਹੁੰਚਾਇਆ ਜਾਵੇ।
ਪੰਜਾਬ ਦਾ ਸਿਹਤ ਖੇਤਰ ਦੀ ਜ਼ਮੀਨੀ ਹਕੀਕਤ ਕੀ ?: 1978 'ਚ ਆਲਮ ਆਟਾ ਵਿੱਚ ਹੋਈ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਸਾਰੇ ਵਿਸ਼ਵ ਦੇ ਲੋਕਾਂ ਨੂੰ ਚੰਗੀ ਸਿਹਤ ਦੇਣ ਦਾ ਟੀਚਾ ਮਿਥਿਆ ਗਿਆ। ਜਿਸ ਤੋਂ ਬਾਅਦ ਪੰਜਾਬ ਦੇ ਸਿਹਤ ਖੇਤਰ ਵਿੱਚ ਵੀ ਤਰੱਕੀ ਹੋਈ। ਪੰਜਾਬ ਦੇ ਵਿੱਚ ਵੀ ਕਈ ਡਿਸਪੈਂਸਰੀਆਂ ਅਤੇ ਹੈਲਥ ਸੈਂਟਰ ਖੁੱਲ੍ਹੇ। 4400 ਡਾਕਟਰਾਂ ਦੀ ਭਰਤੀ ਵੀ ਹੋਈ ਅਤੇ ਹਰ ਸਾਲ ਡਾਕਟਰਾਂ ਦੀ ਭਰਤੀ ਖੋਲ੍ਹੀ ਵੀ ਗਈ। ਜਦੋਂ 90 ਦੇ ਦਹਾਕੇ ਤੋਂ ਬਾਅਦ ਸਿਹਤ ਖੇਤਰ ਦਾ ਨਿੱਜੀਕਰਨ ਹੋਇਆ ਤਾਂ ਪੰਜਾਬ ਦਾ ਸਿਹਤ ਖੇਤਰ ਨਿਘਾਰ ਵੱਲ ਗਿਆ। ਡਾਕਟਰਾਂ ਦੀ ਗਿਣਤੀ ਘਟਦੀ ਗਈ ਅਤੇ ਰੂਰਲ ਹਸਪਤਾਲ ਬੰਦ ਹੁੰਦੇ ਰਹੇ। ਡਿਸਪੈਂਸਰੀਆਂ ਦੀ ਹਾਲਤ ਖਸਤਾ ਹੋ ਗਈ ਸਾਰਾ ਕੁਝ ਕਾਗਜ਼ੀ ਕਾਰਵਾਈ ਦੇ ਹਵਾਲੇ ਹੋ ਗਿਆ। ਸਿਹਤ ਖੇਤਰ ਵਿੱਚ ਚੰਗਾ ਤਜ਼ਰਬਾ ਰੱਖਣ ਵਾਲੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਪਿਆਰੇ ਲਾਲ ਗਰਗ ਦਾ ਮੰਨਣਾ ਹੈ ਕਿ ਪੰਜਾਬ ਦਾ ਸਿਹਤ ਢਾਂਚਾ ਜਿੰਨਾ ਜ਼ਿਆਦਾ ਵੱਡਾ ਹੈ ਸੁਵਿਧਾਵਾਂ ਉਸ ਮੁਤਾਬਿਕ ਨਹੀਂ ਹਨ।