ਪੰਜਾਬ

punjab

ETV Bharat / state

ਮਹਿੰਗੀ ਬਿਜਲੀ ਵਿਰੁੱਧ 10 ਜਨਵਰੀ ਨੂੰ ਕੈਪਟਨ ਦੀ ਕੋਠੀ ਘੇਰੇਗੀ ‘ਆਪ’

ਭਗਵੰਤ ਮਾਨ ਨੇ ਕਿਹਾ ਕਿ 10 ਜਨਵਰੀ ਨੂੰ ਕੈਪਟਨ ਦੀ ਕੋਠੀ ਦਾ ਘਿਰਾਓ ਕਰਕੇ ਜਨਤਾ ਤੋਂ ਬੇਮੁਖ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਲੂਣਾ ਦੇਣਗੇ।

ਭਗਵੰਤ ਮਾਨ
ਭਗਵੰਤ ਮਾਨ

By

Published : Jan 7, 2020, 8:05 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਨਿੱਜੀ ਬਿਜਲੀ ਮਾਫ਼ੀਆ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਵਿਰੁੱਧ ਆਮ ਆਦਮੀ ਪਾਰਟੀ ਹੁਣ ਸ਼ੁੱਕਰਵਾਰ 10 ਜਨਵਰੀ 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰੇਗੀ। ਜ਼ਿਕਰਯੋਗ ਹੈ ਕਿ ‘ਆਪ’ ਵੱਲੋਂ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਪਹਿਲਾਂ 7 ਜਨਵਰੀ ਨੂੰ ਸੀ ਅਤੇ ਖ਼ਰਾਬ ਮੌਸਮ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ।

ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਭਰਿਆ ਸਵਾਲ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਾਰਨ ਸਪਸ਼ਟ ਕਰਨ ਕਿ ਪੰਜਾਬ ‘ਚ ਘਰੇਲੂ ਬਿਜਲੀ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਕਿਉਂ ਮਿਲ ਰਹੀ ਹੈ? ਜਦਕਿ ਪੰਜਾਬ ਖ਼ੁਦ ਵੀ ਬਿਜਲੀ ਪੈਦਾ ਕਰਦਾ ਹੈ।

ਮਾਨ ਨੇ ਕਿਹਾ ਕਿ ਇੱਕ ਪਾਸੇ ਖ਼ੁਦ ਵੀ ਬਿਜਲੀ ਪੈਦਾ ਕਰਨ ਵਾਲਾ ਰਾਜ ਦੇਸ਼ ਭਰ ‘ਚੋਂ ਸਭ ਤੋਂ ਮਹਿੰਗੀ ਬਿਜਲੀ ਆਪਣੇ ਖਪਤਕਾਰਾਂ ਨੂੰ ਵੇਚ ਰਿਹਾ ਹੈ, ਦੂਜੇ ਇੱਕ ਵੀ ਯੂਨਿਟ ਦਾ ਖ਼ੁਦ ਉਤਪਾਦਨ ਨਾ ਕਰਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਉਪਲਬਧ ਕਰ ਰਹੀ ਹੈ। ਭਗਵੰਤ ਮਾਨ ਨੇ ਨਾਲ ਹੀ ਕਿਹਾ ਕਿ ਦਿੱਲੀ ‘ਚ ਬਿਜਲੀ ਤਾਂ ਸਸਤੀ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਪਟਨ ਅਤੇ ਬਾਦਲਾਂ ਦੀ ਤਰਾਂ ਨਿੱਜੀ ਬਿਜਲੀ ਕੰਪਨੀਆਂ ਅਤੇ ਰਸੂਖਦਾਰ ਬਿਜਲੀ ਮਾਫ਼ੀਆ ਨਾਲ ਆਪਣੀ ਕੋਈ ਹਿੱਸਾ-ਪੱਤੀ ਨਹੀਂ ਰੱਖੀ, ਦੂਜੇ ਪਾਸੇ ਪੰਜਾਬ ਅਤੇ ਪੰਜਾਬ ਦੇ ਲੋਕ ਹਿੱਤਾਂ ਦੀ ਪ੍ਰਵਾਹ ਕੀਤੇ ਬਗੈਰ ਬਿਜਲੀ ਮਾਫ਼ੀਆ ਨਾਲ ਉਸੇ ਤਰਾਂ ਰਲ ਗਈ ਹੈ, ਜਿਵੇਂ ਪਹਿਲਾਂ ਸੁਖਬੀਰ ਸਿੰਘ ਬਾਦਲ ਰਲੇ ਹੋਏ ਸਨ। ਮਾਨ ਨੇ ਦਲੀਲ ਦਿੱਤੀ ਜੇਕਰ ਅਜਿਹਾ ਨਾ ਹੁੰਦਾ ਤਾਂ ਕੈਪਟਨ ਸਰਕਾਰ ਕਾਂਗਰਸ ਦੇ ਚੋਣ ਵਾਅਦੇ ਮੁਤਾਬਿਕ 2017 ‘ਚ ਸੱਤਾ ਸੰਭਾਲਦਿਆਂ ਹੀ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਵੱਲੋਂ ਕੀਤੇ ਮਹਿੰਗੇ ਅਤੇ ਇੱਕਤਰਫ਼ਾ ਮਾਰੂ ਬਿਜਲੀ ਖ਼ਰੀਦ ਸਮਝੌਤਾ ਰੱਦ ਕਰਕੇ ਨਵੇਂ ਸਿਰਿਓਂ ਵਾਜਬ ਦਰਾਂ ਅਤੇ ਸ਼ਰਤਾਂ ਮੁਤਾਬਿਕ ਸਮਝੌਤੇ ਕਰਦੀ, ਪਰੰਤੂ ਅਜਿਹਾ ਨਹੀਂ ਹੋਇਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਮਾਫ਼ੀਆ ਸਾਹਮਣੇ ਗੋਡੇ ਟੇਕ ਦਿੱਤੇ।

ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮਹਿੰਗੀ ਬਿਜਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਰਫ਼ ਬਾਦਲ ਹੀ ਨਹੀਂ ਸਗੋਂ ਤੁਸੀਂ ਹੁਣ ਬਾਦਲਾਂ ਨਾਲੋਂ ਵੀ ਵੱਧ ਗੁਨਾਹਗਾਰ ਹੈ, ਜੋ ਆਪਣੇ ਮੈਨੀਫੈਸਟੋ ਅਨੁਸਾਰ ਪਾਵਰਕਾਮ ਦਾ ਪਿਛਲੇ ਸਾਲਾਂ ਦਾ ਆਡਿਟ ਅਤੇ ਪੀਪੀਏਜ਼ ਰੱਦ ਕਰਨ ਦੀ ਥਾਂ ਬਾਦਲਾਂ ਦੀ ਤਰਜ਼ ‘ਤੇ ਬਿਜਲੀ ਮਾਫ਼ੀਆ ਦੀ ਲੁੱਟ ‘ਚ ਭਾਈਵਾਲ ਬਣ ਗਏ।

ABOUT THE AUTHOR

...view details