ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਡੋਲਦੀ ਕੁਰਸੀ ਬਚਾਉਣ ਲਈ 6 ਕਾਂਗਰਸੀਆਂ ਵਿਧਾਇਕਾਂ ਨੂੰ ਮੰਤਰੀਆਂ ਦਾ ਰੁਤਬਾ ਦੇ ਕੇ ਸਲਾਹਕਾਰ ਨਿਯੁਕਤ ਕਰਨ ਦੀ ਅਸੰਵਿਧਾਨਿਕ ਕਾਰਵਾਈ ਨੂੰ ਐਕਟ ‘ਚ ਸੋਧ ਕਰਕੇ ਸਹੀ ਠਹਿਰਾਉਣ ਦੀ ਕੋਸ਼ਿਸ਼ ਨੂੰ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਵੱਲੋਂ ਨਾਕਾਮ ਕੀਤੇ ਜਾਣ ਦਾ ਆਮ ਆਦਮੀ ਪਾਰਟੀ ਨੇ ਜ਼ੋਰਦਾਰ ਸਵਾਗਤ ਕੀਤਾ।
ਪਾਰਟੀ ਨੇ ਰਾਜਪਾਲ ਪੰਜਾਬ ਤੋਂ ਉਮੀਦ ਕੀਤੀ ਹੈ ਕਿ ਉਹ ਨਾ ਸਿਰਫ਼ ਇਨ੍ਹਾਂ 6 ਕਾਂਗਰਸੀ ਵਿਧਾਇਕਾਂ ਦੀ ਸਲਾਹਕਾਰ ਵਜੋਂ ਨਿਯੁਕਤੀ ਨੂੰ ਭਵਿੱਖ ‘ਚ ਵੀ ਰੱਦ ਕਰਨਗੇ, ਸਗੋਂ ਲਾਭ ਦੇ ਅਹੁਦੇ (ਆਫ਼ਿਸ ਆਫ਼ ਪ੍ਰਾਫਿਟ) ਤਹਿਤ ਇਨ੍ਹਾਂ ਸਾਰੇ ਅੱਧੀ ਦਰਜਨਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ‘ਚ ਜ਼ਿਆਦਾ ਦੇਰੀ ਨਹੀਂ ਕਰਨਗੇ।
ਆਪ’ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ, ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਦੇ ਨਸ਼ੇ ‘ਚ ਪੰਜਾਬ ਸਟੇਟ ਲੈਜਿਸਲੈਟਿਵ ਪ੍ਰੋਵੈਨਸ਼ਨ ਆਫ਼ ਡਿਸਕੁਆਲੀਫਾਈ ਐਕਟ ‘ਚ ਮਨਮਾਨੀ ਸੋਧ ਕਰਕੇ ਕੀਤੀ ਗਈ ਸੰਵਿਧਾਨਕ ਉਲੰਘਣਾ ਨੂੰ ਰਾਜਪਾਲ ਪੰਜਾਬ ਵੱਲੋਂ ਰੋਕੇ ਜਾਣਾ ਸ਼ਲਾਘਾਯੋਗ ਕਦਮ ਹੈ। ਰਾਜਪਾਲ ਪੰਜਾਬ ਨੇ ਸੋਧੇ ਐਕਟ ਦਾ ਖਰੜਾ ਬੇਰੰਗ ਲੌਟਾ ਕੇ ਨਾ ਕੇਵਲ ਸੰਵਿਧਾਨ ਦੀ ਰੱਖਿਆ ਕੀਤੀ ਹੈ, ਸਗੋਂ ਸਰਕਾਰੀ ਖ਼ਜ਼ਾਨੇ ‘ਤੇ ਪੈਣ ਲੱਗਾ ਕਰੋੜ ਰੁਪਏ ਦਾ ਫ਼ਜ਼ੂਲ ਬੋਝ ਵੀ ਡੱਕਿਆ ਹੈ।
‘ਆਪ’ਵਿਧਾਇਕਾਂ ਨੂੰ ਰਾਜਪਾਲ ਪੰਜਾਬ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਜੋ 13 ਨੁਕਤੇ ਉਠਾਏ ਗਏ ਹਨ, ਜੇਕਰ ਕੈਪਟਨ ਸਰਕਾਰ ਇਨ੍ਹਾਂ ਸਾਰੇ ਵਾਜਬ ਨੁਕਤਿਆਂ ਦਾ ਤੁੱਥ-ਮੁੱਥ ਜਵਾਬ ਦੇ ਵੀ ਦਿੰਦੀ ਹੈ ਤਾਂ ਵੀ ਉਹ ਵਿਚਾਰੇ ਨਾ ਜਾਣ,ਉਲਟਾ ਸੰਵਿਧਾਨ ਦੀ ਮਰਿਆਦਾ ‘ਤੇ ਫੁੱਲ ਚੜ੍ਹਾਉਂਦੇ ਹੋਏ ਇਨ੍ਹਾਂ ਸਾਰੇ 6 ਵਿਧਾਇਕਾਂ ਦੀ ਮੈਂਬਰੀ ਰੱਦ ਕੀਤੀ ਜਾਵੇ, ਕਿਉਂਕਿ ਸਲਾਹਕਾਰਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਸਹੂਲਤਾਂ ਅਤੇ ਭੱਤੇ ਸਿੱਧੇ ਤੌਰ ‘ਤੇ ‘ਲਾਭ ਦਾ ਅਹੁਦਾ’ਹਨ ਅਤੇ ਸੰਵਿਧਾਨਕ ਤੌਰ ‘ਤੇ ਵਿਧਾਨਕਾਰਾਂ ਦੀ ਕੁੱਲ ਗਿਣਤੀ ‘ਤੇ ਆਧਾਰਿਤ ਨਿਸ਼ਚਿਤ ਕੀਤੀ ਮੰਤਰੀਆਂ ਦੇ 15 ਪ੍ਰਤੀਸ਼ਤ ਕੋਟੇ ਦੀ ਉਲੰਘਣਾ ਹੈ। ਜਿਸ ਕਰਕੇ ਇਨ੍ਹਾਂ ‘ਸਲਾਹਕਾਰਾਂ’ ਦੀ ਵਿਧਾਇਕੀ ਖੁੱਸਣਾ ਤੈਅ ਹੈ।
ਆਪ’ਵਿਧਾਇਕਾਂ ਨੇ ਮੰਗ ਕੀਤੀ ਕਿ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਇੰਦਰਬੀਰ ਸਿੰਘ ਬੁਲਾਰੀਆ ਅਤੇ ਕੁਲਦੀਪ ਸਿੰਘ ਵੈਦ ਵੱਲੋਂ ਇਸ ਸਮੇਂ ਦੌਰਾਨ ਮੰਤਰੀਆਂ ਵਾਂਗ ਲਈਆਂ ਗਈਆਂ ਤਨਖ਼ਾਹਾਂ, ਡੀਜ਼ਲ-ਪੈਟਰੋਲ ਅਤੇ ਹੋਰ ਸਾਰੇ ਵਿੱਤੀ ਖ਼ਰਚੇ ਵਸੂਲ ਕਰਕੇ ਖ਼ਜ਼ਾਨੇ ‘ਚ ਜਮਾਂ ਕਰਵਾਏ ਜਾਣ, ਕਿਉਂਕਿ ਇਹ ਸੂਬੇ ਦੇ ਉਨ੍ਹਾਂ ਸਾਰੇ ਲੋਕਾਂ ਦੀਆਂ ਜੇਬਾਂ ‘ਚੋਂ ਇਕੱਠਾ ਕੀਤਾ ਧਨ ਹੈ, ਜੋ ਖ਼ਜ਼ਾਨਾ ਖ਼ਾਲੀ ਹੈ ਦੀ ਆੜ ‘ਚ ਬਣਦੀਆਂ ਸਰਕਾਰੀ ਸਹੂਲਤਾਂ ਤੋਂ ਵਾਂਝੇ ਰੱਖੇ ਹੋਏ ਹਨ।
ਆਪ’ਆਗੂਆਂ ਨੇ ਹਾਲ ਹੀ ਦੌਰਾਨ ਕੁੱਝ ਸਲਾਹਕਾਰਾਂ ਵੱਲੋਂ ਮੀਡੀਆ ਰਾਹੀਂ ਦਿੱਤੀ ਗਈ ਸਲਾਹ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ‘ਚ ਸੰਭਾਵੀ ਫੇਰਬਦਲ ਮੰਤਰੀਆਂ ਦੇ ਰਿਪੋਰਟ ਕਾਰਡ (ਕਾਰਗੁਜ਼ਾਰੀ) ਅਨੁਸਾਰ ਕਰਨ ‘ਤੇ ਤੰਜ ਕਸਦਿਆਂ ਕਿਹਾ ਕਿ ਜੇਕਰ ਸਲਾਹਕਾਰਾਂ ਨੇ ਮੀਡੀਆ ਰਾਹੀ ਹੀ ਮੁੱਖ ਮੰਤਰੀ ਨੂੰ ਸਲਾਹ ਦੇਣੀ ਹੈ ਤਾਂ ਕਰੋੜਾਂ ਰੁਪਏ ਦਾ ਬੇਲੋੜਾ ਬੋਝ ਕਿਉਂ ਥੋਪਿਆ ਜਾ ਰਿਹਾ ਹੈ
ਆਪ’ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਬੇਚੈਨ ਅਤੇ ਬਾਗ਼ੀ ਤੇਬਰ ਦਿਖਾ ਰਹੇ ਕਾਂਗਰਸੀ ਵਿਧਾਇਕਾਂ ਨੂੰ ਸਲਾਹਕਾਰ ਦਾ ਲੋਲੀਪੋਪ ਸਲਾਹ ਲੈਣ ਖ਼ਾਤਰ ਨਹੀਂ ਸਗੋਂ ਨਵਜੋਤ ਸਿੰਘ ਸਿੱਧੂ ਕਾਰਨ ਡੋਲਣ ਲੱਗੀ ਕੁਰਸੀ ਨੂੰ ਸਥਿਰ ਰੱਖਣ ਲਈ ਦਿੱਤਾ ਹੈ।