ਚੰਡੀਗੜ੍ਹ: ਇੱਕ ਪਾਸੇ ਤਾਂ ਕੋਰੋਨਾ ਨੇ ਪੰਜਾਬ ਦੇ ਵਿੱਚ ਬੁਰਾ ਹਾਲ ਕਰ ਰੱਖਿਆ ਹੈ, ਉੱਥੇ ਹੀ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਨੇ ਸੂਬੇ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਹਿਰੀਲੀ ਸ਼ਰਾਬ ਦੇ ਸਬੰਧੀ ਅਤੇ ਪਿਛਲੇ ਚਾਰ ਸਾਲਾਂ ਵਿੱਚ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ 'ਲੱਭੋ ਕੈਪਟਨ ਮੁਹਿੰਮ' ਦਾ ਮੰਗਲਵਾਰ 4 ਅਗਸਤ ਤੋਂ ਆਗਾਜ਼ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਵੱਲੋਂ ਭਲਕੇ 'ਲੱਭੋ ਕੈਪਟਨ ਮੁਹਿੰਮ' ਦਾ ਆਗਾਜ਼ - chandigarh
ਕੈਪਟਨ ਸਰਕਾਰ ਦੀ ਪਿਛਲੇ ਚਾਰ ਸਾਲਾਂ ਦੀ ਕਾਰੁਗਜ਼ਾਰੀ ਕਾਰਨ ਸੂਬੇ ਵਿੱਚ ਮੱਚੀ ਹਾਹਾਕਾਰ ਨੂੰ ਲੈ ਕੇ ਆਮ ਆਦਮੀ ਪਾਰਟੀ 'ਲੱਭੋ ਕੈਪਟਨ ਦਾ ਆਗ਼ਾਜ਼' ਕਰਨ ਜਾ ਰਹੀ ਹੈ।
ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ 4 ਸਾਲ ਹੋ ਗਏ ਅਤੇ ਉਹ ਕਦੇ ਵੀ ਲੋਕਾਂ ਦੇ ਵਿੱਚ ਨਹੀਂ ਆਏ। ਹਮੇਸ਼ਾ ਆਪਣੇ ਫ਼ਾਰਮ ਹਾਊਸ ਦੇ ਵਿੱਚ ਹੀ ਬੰਦ ਰਹਿੰਦੇ ਹਨ। ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਕੈਪਟਨ ਦੀ ਦਿੱਖ ਕਿਵੇਂ ਦੀ ਹੈ। ਇਸ ਲਈ ਪਾਰਟੀ ਵੱਲੋਂ ਕੈਪਟਨ ਦੇ ਸਿਸਮਾ ਵਾਲੇ ਫ਼ਾਰਮ ਹਾਊਸ ਵਾਲੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਕੈਪਟਨ ਨੂੰ ਘਰੋਂ ਬਾਹਰ ਲੋਕਾਂ ਦੇ ਵਿੱਚ ਲਿਆਂਦਾ ਜਾਵੇਗਾ। ਮਾਨ ਨੇ ਦੱਸਿਆ ਕਿ ਇਸ ਦੇ ਨਾਲ ਹੀ ਆਪ ਪਾਰਟੀ ਦੇ ਵਰਕਰ ਜ਼ਿਲ੍ਹਾ ਪੱਧਰ ਉੱਤੇ ਰੈਲੀਆਂ ਕੱਢਣਗੇ ਅਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣਗੇ।
ਭਗਵੰਤ ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਸੀਂ ਕੈਪਟਨ ਨੂੰ ਲੱਭਣ ਜਾ ਰਹੇ ਹਾਂ, ਜੇ ਤੁਹਾਨੂੰ ਕਿਤੇ ਕੈਪਟਨ ਮਿਲੇ ਤਾਂ ਸਾਨੂੰ ਇਸ ਬਾਰੇ ਜਾਣਕਾਰੀ ਦਿਓ, ਜੇ ਸਾਨੂੰ ਕੈਪਟਨ ਮਿਲ ਗਿਆ ਤਾਂ ਅਸੀਂ ਸਾਰਿਆਂ ਸਾਹਮਣੇ ਲਿਆਵਾਂਗੇ।