ਚੰਡੀਗੜ੍ਹ ਡੈਸਕ :ਮਾਨ ਸਰਕਾਰ ਦਾ ਪਹਿਲਾ ਸਕੂਲ ਆਫ ਐਮੀਨੈਂਸ ਲਗਾਤਾਰ ਵਿਵਾਦਾਂ ਵਿੱਚ ਘਿਰ ਰਿਹਾ ਹੈ। ਸਰਕਾਰ ਦੇ ਆਪਣੇ ਵਿਧਾਇਕ ਹੀ ਸਰਕਾਰ ਦੇ ਇਸ ਅਵੱਲੇ ਸਕੂਲ ਉੱਤੇ ਸਵਾਲ ਚੁੱਕਦੇ ਨਜਰ ਆ ਰਹੇ ਹਨ। ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਕਾਇਦਾ ਇਸ ਨੂੰ ਲੈ ਕੇ ਟਵੀਟ ਕੀਤਾ ਅਤੇ ਸਰਕਾਰ ਤੋਂ ਪੁੱਛਿਆ ਕਿ ਮੈਨੂੰ ਵੀ ਜਰੂਰ ਦਿਖਾਓ ਕਿ ਇਹ ਸਕੂਲ ਆਫ ਐਮੀਨੈਂਸ ਕਿੱਧਰ ਹੈ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਉਚੇਚਾ ਜ਼ਿਕਰ ਕਰਕੇ ਸਰਕਾਰ ਨੂੰ ਸਕੂਲ ਆਫ ਐਮੀਨੈਂਸ ਦੇ ਮੁੱਦੇ ਉੱਤੇ (School Of Eminence) ਘੇਰਿਆ ਹੈ।
ਡਾ. ਇੰਦਰਬੀਰ ਦੀ ਪੋਸਟ ਉੱਤੇ ਕੁੰਵਰ ਦਾ ਕਮੈਂਟ : ਦਰਅਸਲ ਡਾ. ਇੰਦਰਬੀਰ ਸਿੰਘ ਨਿੱਜਰ ਨੇ ਟਵੀਟ ਕਰਕੇ ਸਰਕਾਰ ਨੂੰ ਸਕੂਲ ਆਫ ਐਮੀਨੈਂਸ ਉੱਤੇ ਵਧਾਈ ਦਿੱਤੀ ਸੀ। ਇਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਿੱਜਰ ਦੀ ਪੋਸਟ ਹੇਠਾਂ ਕਮੈਂਟ ਕੀਤਾ ਕਿ ਇਹ ਸਕੂਲ ਆਫ ਐਮੀਨੈਂਸ ਕਿੱਥੇ ਹੈ, ਉਸਨੂੰ ਵੀ ਜ਼ਰੂਰ ਦਿਖਾਇਆ ਜਾਵੇ। ਹਾਲਾਂਕਿ ਇਹ ਕਮੈਂਟ ਹੁਣ ਕਿੱਧਰੇ ਵੀ ਨਜ਼ਰ ਨਹੀਂ ਆ ਰਿਹਾ ਹੈ। ਪਰ ਇਸ ਕਮੈਂਟ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਹ ਕਮੈਂਟ ਵਾਇਰਲ ਹੋਇਆ ਤਾਂ ਸੁਖਪਾਲ ਖਹਿਰਾ ਨੇ ਵੀ ਸਮਾਂ ਨਹੀਂ ਗਵਾਇਆ ਅਤੇ ਇਸੇ ਨੂੰ ਅਧਾਰ ਬਣਾ ਕੇ ਸਰਕਾਰ ਨੂੰ ਸਵਾਲ ਕੀਤੇ ਹਨ।
ਕੀ ਲਿਖਿਆ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ :ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਇੰਦਰਬੀਰ ਸਿੰਘ ਨਿੱਜਰ ਦੀ ਪੋਸਟ ਹੇਠਾਂ ਕਮੈਂਟ ਕੀਤਾ ਸੀ ਉਸ ਮੁਤਾਬਿਕ ਉਨ੍ਹਾਂ ਲਿਖਿਆ ਸੀ ਕਿ ਡਾਕਟਰ ਸਾਹਬ, ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਜੀ, ਇਹ ਸਕੂਲ ਮੈਨੂੰ ਵੀ ਦਿਖਾਓ, ਜੇਕਰ ਇਹ ਨਵਾਂ ਬਣਿਆ ਹੋਵੇ। ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਇਹ ਪਹਿਲਾਂ ਹੀ ਇੱਕ ਸ਼ਾਨਦਾਰ ਸਕੂਲ ਹੈ ਤੇ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਪਹਿਲਾਂ ਹੀ ਸਮਾਰਟ ਸਕੂਲ ਬਣਾ ਦਿੱਤਾ ਸੀ। ਮੈਨੂੰ ਵੀ ਕਈ ਵਾਰ ਇਸ ਸਕੂਲ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ। ਇਹ ਨਿਸ਼ਚਿਤ ਹੈ ਕਿ ਹੁਣ ਕੁਝ ਨਵੀਂ ਮੁਰੰਮਤ ਕੀਤੀ ਗਈ ਹੋਵੇ। ਜਿੱਥੋਂ ਤੱਕ ਮੈਨੂੰ ਪਤਾ ਹੈ, ਸਤਪਾਲ ਡਾਂਗ ਨੇ ਇਸ ਸਕੂਲ ਦਾ ਚਿਹਰਾ ਹੀ ਬਦਲ ਦਿੱਤਾ ਸੀ। ਉਨ੍ਹਾਂ ਦੀ ਭਤੀਜੀ ਮਧੂ ਡਾਂਗ ਨੇ ਹਾਲ ਹੀ ਵਿੱਚ ਇੱਥੇ ਇੱਕ ਸਮਾਗਮ ਕਰਵਾਇਆ ਸੀ, ਜਿਸ ਵਿੱਚ ਮੈਨੂੰ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਸੀ। ਇਸ ਸਕੂਲ ਦਾ ਨਤੀਜਾ ਬਹੁਤ ਵਧੀਆ ਹੈ, ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਹਾਂ। ਅਸੀਂ ਨਵੇਂ ਬਿਹਤਰੀਨ ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ। ਕਿਰਪਾ ਕਰਕੇ ਇਸ ਬਾਰੇ ਚਾਨਣਾ ਪਾਓ।