ਚੰਡੀਗੜ੍ਹ: ਪੰਜਾਬ 'ਚ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਰਾਤ ਨੂੰ ਨਾਕਿਆਂ 'ਤੇ ਅਧਿਆਪਕਾਂ ਨੂੰ ਤਾਇਨਾਤ ਕੀਤੇ ਜਾਣ ਵਾਲੇ ਤੁਗ਼ਲਕੀ ਫ਼ਰਮਾਨ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਕੈਪਟਨ ਸਰਕਾਰ ਨੂੰ ਟੁੱਟ ਕੇ ਪੈ ਗਈ। ਅੰਤ ਜ਼ਬਰਦਸਤ ਕਿਰਕਿਰੀ ਹੋਣ ਉਪਰੰਤ ਸਰਕਾਰ ਨੂੰ ਆਪਣਾ ਬੇਤੁਕਾ ਫ਼ੈਸਲਾ ਵਾਪਸ ਲੈਣਾ ਪਿਆ।
ਸ਼ਨੀਵਾਰ ਨੂੰ ਜਿਵੇਂ ਹੀ ਦਫ਼ਤਰ ਉਪ ਮੰਡਲ ਫਗਵਾੜਾ ਦਾ 11 ਜੂਨ 2020 ਦੇ ਹੁਕਮ ਸਾਹਮਣੇ ਆਏ ਤਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਮੀਤ ਹੇਅਰ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਸਰਕਾਰ 'ਤੇ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ। ਨਤੀਜਣ ਕੁੱਝ ਘੰਟਿਆਂ ਬਾਅਦ ਹੀ ਸਰਕਾਰ ਬੈਕ-ਫੁੱਟ 'ਤੇ ਆ ਗਈ ਅਤੇ ਫ਼ੈਸਲਾ ਵਾਪਸ ਲੈ ਲਿਆ।
ਚੀਮਾ ਨੇ 40 ਤੋਂ ਵੱਧ ਅਧਿਆਪਕਾਂ ਦੀਆਂ ਰਾਤਾਂ ਨੂੰ ਨਾਕਿਆਂ 'ਤੇ ਡਿਊਟੀਆਂ ਲਾਉਣ ਵਾਲੇ ਫ਼ੈਸਲੇ ਨੂੰ ਬਹੁਤ ਹੀ ਨਿਰਾਸ਼ਾਜਨਕ ਫ਼ੈਸਲਾ ਦੱਸਦੇ ਹੋਏ। ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਕੋਲੋਂ ਬੱਚਿਆਂ ਦੀ ਬਿਹਤਰ ਪੜਾਈ ਬਾਰੇ ਸੇਵਾਵਾਂ ਲੈਣ ਦੀ ਥਾਂ ਸਰਕਾਰ ਵੱਲੋਂ ਕਦੇ ਸ਼ਰਾਬ ਮਾਫ਼ੀਆ ਅਤੇ ਕਦੇ ਮਾਈਨਿੰਗ ਮਾਫ਼ੀਆ ਵਿਰੁੱਧ ਸੇਵਾਵਾਂ ਲੈਣ ਬਾਰੇ ਸਰਕਾਰ ਨੇ ਸੋਚ ਵੀ ਕਿਵੇਂ ਲਿਆ?