ਪੰਜਾਬ

punjab

ETV Bharat / state

ਦਲਿਤ ਕਾਰਡ 'ਤੇ ਜਲੰਧਰ ਦਾ ਸਿਆਸੀ ਮੈਦਾਨ ਫ਼ਤਹਿ ਕਰਨਾ ਚਾਹੁੰਦੀ ਹੈ 'ਆਪ' ਅਤੇ ਕਾਂਗਰਸ ! ਖਾਸ ਰਿਪੋਰਟ .. - ਡੇਰਾ ਸੱਚਖੰਡ ਬੱਲਾਂ

ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ 'ਆਪ' ਦਲਿਤ ਕਾਰਡ ਖੇਡਣ ਵਿਚ ਲੱਗੀਆਂ ਹੋਈਆਂ ਹਨ। ਡੇਰਾ ਸੱਚਖੰਡ ਬੱਲਾਂ ਨੂੰ ਦਿੱਤੇ ਗਏ 25 ਕਰੋੜ ਰੁਪਏ ਨਾਲ ਸਿਆਸੀ ਜ਼ਮੀਨ ਤਰਾਸ਼ੀ ਜਾ ਰਹੀ ਹੈ ਅਤੇ ਇਕ-ਦੂਜੇ ਉੱਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲੇ ਵਿੱਚ ਹੁਣ ਡੇਰਾ ਸੱਚਖੰਡ ਬੱਲਾਂ ਨੂੰ ਜਾਰੀ ਹੋਈ ਗ੍ਰਾਂਟ ਦਾ ਕ੍ਰੈਡਿਟ ਲੈਕੇ ਦੋਵੇਂ ਪਾਰਟੀਆਂ ਮੈਦਾਨ ਫਤਹਿ ਕਰਨ ਦੀ ਤਿਆਰੀ ਕਰ ਰਹੀਆਂ ਨੇ।

AAP and Congress targeted the Dalit vote bank to win the Jalandhar by-election
ਦਲਿਤ ਕਾਰਡ ਨੂੰ ਕੈਸ਼ ਕਰਨ 'ਤੇ ਲੱਗੀਆਂ ਸਿਆਸੀ ਧਿਰਾਂ, ਜ਼ਿਮਨੀ ਚੋਣ ਜਿੱਤਣ ਲਈ 'ਆਪ' ਅਤੇ ਕਾਂਗਰਸ ਨੇ ਦਲਿਤ ਵੋਟ ਬੈਂਕ ਨੂੰ ਬਣਾਇਆ ਅਧਾਰ ! ਖ਼ਾਸ ਰਿਪੋਰਟ...

By

Published : Apr 17, 2023, 5:23 PM IST

ਦਲਿਤ ਕਾਰਡ 'ਤੇ ਜਲੰਧਰ ਦਾ ਸਿਆਸੀ ਮੈਦਾਨ ਫ਼ਤਹਿ ਕਰਨਾ ਚਾਹੁੰਦੀ ਹੈ 'ਆਪ' ਅਤੇ ਕਾਂਗਰਸ ! ਖਾਸ ਰਿਪੋਰਟ ..

ਚੰਡੀਗੜ੍ਹ:ਚੋਣਾਂ ਨੇੜੇ ਆਉਂਦਿਆਂ ਹੀ ਸਾਰੀਆਂ ਪਾਰਟੀਆਂ ਆਪਣੇ-ਆਪ ਨੂੰ ਲੋਕ ਹਿਤੇਸ਼ੀ ਸਾਬਿਤ ਕਰਨ ਲਈ ਜ਼ੋਰ ਲਗਾਉਂਦੀਆਂ ਹਨ। ਜਲੰਧਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੀ ਕੁੱਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ। ਸੱਤਾ ਧਿਰ ਅਤੇ ਵਿਰੋਧੀ ਧਿਰ ਦਲਿਤ ਭਾਈਚਾਰੇ ਨੂੰ ਭਰਮਾਉਣ ਵਿੱਚ ਲੱਗੀਆਂ ਹੋਈਆਂ ਹਨ। ਇੱਕ ਤੋਂ ਵੱਧ ਕੇ ਇੱਕ ਦਲਿਤ ਭਾਈਚਾਰੇ ਦੇ ਹਿਤੇਸ਼ੀ ਹੋਣ ਦਾ ਦਾਅਵਾ ਕੀਤਾ ਗਿਆ। ਡੇਰਾ ਸੱਚਖੰਡ ਬੱਲਾਂ ਵਿੱਚ ਨੂੰ ਦਿੱਤੇ ਗਏ ਚੈੱਕ 'ਤੇ ਦੋਵਾਂ ਪਾਰਟੀਆਂ ਵਿੱਚ ਜਿੱਥੇ ਕ੍ਰੇਡਿਟ ਵਾਰ ਚੱਲ ਰਹੀ ਹੈ ਉੱਥੇ ਹੀ ਦਲਿਤਾਂ ਨਾਲ ਵਿਤਕਰਾ ਕਰਨ ਦੀ ਦੂਸ਼ਣਬਾਜ਼ੀ ਇਕ ਦੂਜੇ ਉੱਤੇ ਕੀਤੀ ਜਾ ਰਹੀ। ਪੰਜਾਬ ਦੇ ਵਿੱਚ 34 ਪ੍ਰਤੀਸ਼ਤ ਵੋਟਰ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸੇ ਲਈ ਚੋਣਾਂ ਦੇ ਨੇੜੇ ਵੋਟਾਂ ਦੀ ਰਾਜਨੀਤੀ ਇਸ ਦੇ ਇਰਦ-ਗਿਰਦ ਘੁੰਮਦੀ ਹੈ। ਸਰਕਾਰਾਂ ਦਾ ਦਾਅਵਾ ਹੈ ਕਿ ਆਜ਼ਾਦੀ ਦੇ 75 ਸਾਲਾਂ ਤੋਂ ਅਨੁਸੂਚਿਤ ਜਾਤੀਆਂ ਦੇ ਮਸਲੇ ਸੁਲਝਾਉਣ ਅਤੇ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੈ।



'ਕਾਂਗਰਸ' ਅਤੇ 'ਆਪ' ਵਿਚਾਲੇ ਕ੍ਰੇਡਿਟ ਵਾਰ : ਜਲੰਧਰ 'ਚ ਸਥਿਤ ਡੇਰਾ ਸੱਚਖੰਡ ਬੱਲਾਂ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਆਸਥਾ ਦਾ ਵੱਡਾ ਕੇਂਦਰ ਹੈ ਅਤੇ ਰਾਜਨੀਤਿਕ ਪਾਰਟੀਆਂ ਲਈ ਇਹ ਵੋਟ ਬੈਂਕ ਦਾ ਵੀ ਇੱਕ ਵੱਡਾ ਕੇਂਦਰ ਬਣਿਆ ਹੋਇਆ ਹੈ। ਹੁਣ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਡੇਰਾ ਸੱਚਖੰਡ ਬੱਲਾਂ ਨੂੰ ਦਿੱਤਾ ਗਿਆ 25 ਕਰੋੜ ਦਾ ਚੈੱਕ ਵੋਟਾਂ ਦੀ ਰਾਜਨੀਤੀ ਭਖਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਦਾਅਵਾ ਹੈ ਕਿ ਜਦੋਂ ੳਹ ਮੁੱਖ ਮੰਤਰੀ ਸਨ ਤਾਂ ਡੇਰਾ ਸੱਚਖੰਡ ਬੱਲਾਂ ਵਿੱਚ ਅਧਿਐਨ ਕੇਂਦਰ ਸਥਾਪਿਤ ਕਰਨ ਲਈ 25 ਕਰੋੜ ਰੁਪਏ ਦਿੱਤੇ ਗਏ । ਜਿਸ ਨੂੰ 'ਆਪ' ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਵਿਆਜ ਸਮੇਤ ਵਾਪਸ ਲੈ ਲਿਆ ਸੀ ਅਤੇ ਹੁਣ ਜ਼ਿਮਨੀ ਚੋਣਾਂ ਤੋਂ ਪਹਿਲਾਂ 'ਆਪ' ਓਹੀ 25 ਕਰੋੜ ਰੁਪਏ ਲੈ ਕੇ ਪਹੁੰਚ ਗਈ। ਦੂਜੇ ਪਾਸੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਚਰਨਜੀਤ ਚੰਨੀ 'ਤੇ ਪਲਟਵਾਰ ਕੀਤਾ ਅਤੇ ਇਹ ਦਾਅਵਾ ਠੋਕਿਆ ਕਿ ਚੰਨੀ ਸਰਕਾਰ ਵੇਲੇ ਚੋਣ ਜ਼ਾਬਤਾ ਲੱਗਣ ਤੋਂ 2 ਦਿਨ ਪਹਿਲਾਂ 25 ਕਰੋੜ ਦਾ ਚੈੱਕ ਡੇਰਾ ਬੱਲਾਂ ਨੂੰ ਦਿੱਤਾ ਗਿਆ ਉਹ ਵੀ ਸੋਚੀ-ਸਮਝੀ ਰਾਜਨੀਤੀ ਤਹਿਤ, ਕਿਉਂਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕੋਈ ਵੀ ਸਰਕਾਰੀ ਫੰਡ ਨਹੀਂ ਕੀਤਾ ਜਾ ਸਕਦਾ। ਵੋਟ ਦੀ ਰਾਜਨੀਤੀ ਕਰਕੇ ਚੰਨੀ ਉੱਥੇ 25 ਕਰੋੜ ਦਾ ਚੈਕ ਲੈ ਕੇ ਪਹੁੰਚ ਗਏ।


ਦਲਿਤ ਵੋਟ ਬੈਂਕ:ਪੰਜਾਬ ਦੀ ਰਾਜਨੀਤੀ ਨੂੰ ਦਲਿਤ ਵੋਟ ਬੈਂਕ ਅਕਸਰ ਪ੍ਰਭਾਵਿਤ ਕਰਦਾ ਹੈ ਕਿਉਂਕਿ 34 ਪ੍ਰਤੀਸ਼ਤ ਵੋਟ ਦਲਿਤ ਭਾਈਚਾਰੇ ਤੋਂ ਆਉਂਦੀ ਹੈ। ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਹ ਹਲਕਾ ਪਹਿਲਾਂ ਐੱਸਸੀ ਭਾਈਚਾਰੇ ਲਈ ਰਿਜ਼ਰਵ ਹੈ। ਇਸ ਹਲਕੇ ਵਿੱਚ ਸਭ ਤੋਂ ਜ਼ਿਆਦਾ 42 ਪ੍ਰਤੀਸ਼ਤ ਦਲਿਤ ਵੋਟ ਹੈ। ਇਨ੍ਹਾਂ ਵਿੱਚ ਵੀ ਬਹੁਗਿਣਤੀ ਵੋਟਾਂ ਰਵਿਦਾਸੀਆ ਭਾਈਚਾਰੇ ਦੀਆਂ ਹਨ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 4 ਰਿਜ਼ਰਵਡ ਹਨ। ਚਾਰੇ ਸੀਟਾਂ 'ਤੇ ਜਿੱਤ ਜਾਂ ਹਾਰ ਦਾ ਫੈਸਲਾ ਰਵਿਦਾਸੀਆ ਵੋਟ ਬੈਂਕ ਕਰਦਾ ਹੈ। ਰਵਿਦਾਸ ਭਾਈਚਾਰੇ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਡੇਰਾ ਸੱਚਖੰਡ ਬੱਲਾਂ ਜਲੰਧਰ ਵਿੱਚ ਹੀ ਹੈ ਅਤੇ ਇਸ ਦੇ ਸ਼ਰਧਾਲੂ ਲੱਖਾਂ ਦੀ ਗਿਣਤੀ ਵਿੱਚ ਹਨ। ਰਵਿਦਾਸੀਆ ਭਾਈਚਾਰੇ ਦੀਆਂ ਨਿਰਣਾਇਕ ਵੋਟਾਂ ਨੇ ਸੰਤੋਖ ਸਿੰਘ ਚੌਧਰੀ ਨੂੰ ਲਗਾਤਾਰ ਦੋ ਵਾਰ ਸੰਸਦ ਮੈਂਬਰ ਬਣਾਇਆ।


ਦਲਿਤ ਹਿਤੇਸ਼ੀ ਦੇ ਦਾਅਵਿਆਂ ਵਿਚਾਲੇ ਜ਼ਮੀਨੀ ਹਕੀਕਤ ਕੀ ?:ਦਲਿਤ ਭਾਈਚਾਰਾ ਪੰਜਾਬ ਦੀ ਰਾਜਨੀਤੀ ਵਿੱਚ ਕਈ ਸਿਆਸੀ ਸਮੀਕਰਣ ਬਣਾ ਸਕਦਾ ਹੈ ਅਤੇ ਵਿਗਾੜ ਸਕਦਾ ਹੈ। ਖਾਸ ਕਰਕੇ ਜਲੰਧਰ ਲੋਕ ਸਭਾ ਹਲਕਾ ਤਾਂ ਸਭ ਤੋਂ ਵੱਧ ਇਸ ਦੇ ਪ੍ਰਭਾਵ ਕਬੂਲਦਾ ਹੈ। ਇੱਥੇ ਸਿਆਸੀ ਪਾਰਟੀਆਂ ਵੱਲੋਂ ਦਲਿਤ ਪੱਤਾ ਖੇਡਿਆ ਜਾਂਦਾ ਹੈ ਅਤੇ ਕਈ ਤਰੀਕਿਆਂ ਨਾਲ ਉਹਨਾਂ ਨੂੰ ਭਰਮਾਉਣ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ। ਸਮਾਜ ਵਿੱਚ ਦਲਿਤਾਂ ਦੀ ਸਥਿਤੀ ਅਤੇ ਜੀਵਨ ਪੱਧਰ ਆਪਣੇ ਆਪ ਵਿਚ ਬਹੁਤ ਕੁਝ ਬਿਆਨ ਕਰਦਾ ਹੈ। ਦਲਿਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲੀ ਨੇ ਸਿਆਸੀ ਪਾਰਟੀਆਂ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਹੈ। ਉਹਨਾਂ ਆਖਿਆ ਕਿ ਪਾਰਟੀ ਭਾਵੇਂ ਕੋਈ ਵੀ ਹੋਵੇ ਹਮੇਸ਼ਾ ਦਲਿਤ 'ਤੇ ਰਾਜਨੀਤੀ ਖੇਡ ਕੇ ਵੋਟਾਂ ਲੈ ਜਾਂਦੀ ਹੈ। 75 ਸਾਲਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੇ ਦਲਿਤਾਂ ਲਈ ਸਾਕਾਰਤਮਕ ਰਵੱਈਆ ਨਹੀਂ ਰੱਖਿਆ ਬਲਕਿ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਵੋਟ ਬੈਂਕ ਤੱਕ ਹੀ ਸੀਮਤ ਰੱਖਿਆ। ਗਰੀਬ ਸਮਾਜ ਨੂੰ ਬੁਰਕੀ ਅਤੇ ਟੁਕੜ ਵਿਖਾ ਕੇ ਹਮੇਸ਼ਾ ਰਾਜਨੀਤਕ ਰੋਟੀਆਂ ਸੇਕੀਆਂ ਜਾਂਦੀਆਂ ਰਹੀਆਂ।

'ਕਾਂਗਰਸ ਅਤੇ 'ਆਪ' ਨੇ ਦਲਿਤਾਂ ਲਈ ਕੁਝ ਨਹੀਂ ਕੀਤਾ': ਬੇਸ਼ੱਕ ਇਹਨਾਂ ਦੋਵਾਂ ਪਾਰਟੀਆਂ ਵਿਚ ਦਲਿਤਾਂ ਦਾ ਮੋਹ ਜਾਗਿਆ ਹੋਇਆ ਹੈ ਪਰ ਦਲਿਤ ਭਾਈਚਾਰੇ ਨੂੰ ਇਹਨਾਂ ਤੋਂ ਕੋਈ ਜ਼ਿਆਦਾ ਉਮੀਦ ਨਹੀਂ। ਉਨ੍ਹਾਂ ਦੇ ਹੱਥ 75 ਸਾਲਾਂ ਤੋਂ ਨਿਰਾਸ਼ਾ ਹੀ ਲੱਗੀ। ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਦਾ 6 ਮਹੀਨੇ ਦਾ ਕਾਰਜਕਾਲ ਅਤੇ ਹੁਣ ਤੱਕ ਦੀ ਰਾਜਨੀਤੀ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦਾ ਦਲਿਤ ਚੇਤਨਾ ਮੰਚ ਪੰਜਾਬ ਨੇ ਕੋਈ ਬਹੁਤ ਵਧੀਆ ਹੁੰਗਾਰਾ ਨਹੀਂ ਦਿੱਤਾ ਅਤੇ ਨਾ ਹੀ ਆਮ ਆਦਮੀ ਪਾਰਟੀ ਦਾ 1 ਸਾਲ ਦਾ ਕਾਰਜਕਾਲ ਉਹਨਾਂ ਨੂੰ ਪ੍ਰਭਾਵਿਤ ਕਰ ਸਕਿਆ। ਸ਼ਮਸ਼ੇਰ ਪੁਰਖਾਲੀ ਦਾ ਕਹਿਣਾ ਹੈ ਕਿ ਦਲਿਤ ਸਮਾਜ ਵਿੱਚ ਪੈਦਾ ਹੋ ਕੇ ਅਤੇ ਦਲਿਤ ਭਾਈਚਾਰੇ ਦੀਆਂ ਗੱਲਾਂ ਕਰਕੇ ਉਹਨਾਂ ਲੋਕਾਂ ਦੀ ਹਮਦਰਦੀ ਜ਼ਰੂਰ ਲਈ, ਪਰ ਉਹਨਾਂ ਲਈ ਕਦੇ ਕੋਈ ਕੰਮ ਨਹੀਂ ਕੀਤਾ। ਬੱਸ ਇੱਕ ਜਨਰਲ ਕੈਟੇਗਰੀ ਕਮਿਸ਼ਨ ਹੀ ਬਣਾਇਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਗਰੀਬਾਂ ਨੂੰ ਸਬਜ਼ ਬਾਗ ਵਿਖਾਏ ਪਰ ਅਮਲੀ ਜਾਮਾ 1 ਸਾਲ 'ਚ ਨਹੀਂ ਪਹਿਨਾਇਆ। ਗਰੀਬ ਸਮਾਜ ਨੂੰ ਵੋਟਾਂ ਵੇਲੇ ਚੰਦ ਟੁਕੜਾਂ ਤੱਕ ਸੀਮਤ ਰੱਖਿਆ ਹੋਇਆ ਹੈ।


ਗਰੀਬ ਅਤੇ ਦਲਿਤ ਵਰਗ ਦੀਆਂ ਸਮਾਜ ਵਿੱਚ ਮੁਸ਼ਕਿਲਾਂ:ਪੰਜਾਬ ਵਿੱਚ 34 ਪ੍ਰਤੀਸ਼ਤ ਦਲਿਤ ਵੋਟ ਹੋਣ ਦੇ ਬਾਵਜੂਦ ਵੀ ਦਲਿਤ ਭਾਈਚਾਰੇ ਦੇ ਮਸਲੇ ਅਤੇ ਗਰੀਬ ਵਰਗਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਸਭ ਤੋਂ ਵੱਡੀ ਸਮੱਸਿਆ ਹੈ ਦਲਿਤਾਂ ਲਈ ਸਮਾਜਿਕ ਸੁਰੱਖਿਆ ਦੀ ਘਾਟ। ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਰਗਾਂ ਨੇ ਨਿਰਾਸ਼ਾ ਹੋ ਕੇ ਇਹ ਵੀ ਆਖ ਦਿੱਤਾ ਕਿ ਦਲਿਤ ਹੋਣਾ ਸਭ ਤੋਂ ਵੱਡਾ ਗੁਨਾਹ ਹੈ ਅਤੇ ਇਹ ਲੋਕ ਸਮਾਜ ਵਿੱਚ ਅਜ਼ਾਦੀ ਨਾਲ ਵਿਚਰ ਵੀ ਨਹੀਂ ਸਕਦੇ। ਸਮਾਜ ਦੇ ਹਰੇਕ ਵਰਗ ਵਿੱਚ ਦਲਿਤਾਂ ਨੂੰ ਕੁਚਲਿਆਂ ਜਾਂਦਾ ਹੈ। ਅਜ਼ਾਦੀ ਨਾਲ ਉਹ ਕਿਧਰੇ ਵਿਚਰ ਨਹੀਂ ਸਕਦੇ ਅਤੇ ਸਮਾਜ ਵਿਚ ਉਹਨਾਂ ਨੂੰ ਇੱਜ਼ਤ ਦੀ ਨਿਗ੍ਹਾ ਨਾਲ ਨਹੀਂ ਵੇਖਿਆ ਜਾਂਦਾ।



ਇਹ ਵੀ ਪੜ੍ਹੋ:ਕੰਵਰ ਗੁਰਬਾਜ ਸਿੰਘ ਨੇ ਨਾਂ ਕੀਤਾ ਰੋਸ਼ਨ, ਬਾਸਕਟਬਾਲ ਵਿਸ਼ਵ ਕੱਪ ਖੇਡਣ ਵਾਲਾ ਬਣਿਆ ਪੰਜਾਬ ਦਾ ਪਹਿਲਾ ਖਿਡਾਰੀ

ABOUT THE AUTHOR

...view details