ਆਰਡੀਨੈਂਸ 'ਚ ਕਾਂਗਰਸ ਦਾ ਸਮਰਥਨ ਨਾ ਮਿਲਣ ਕਰਕੇ ਖਫ਼ਾ ਆਮ ਆਦਮੀ ਪਾਰਟੀ ਚੰਡੀਗੜ੍ਹ :ਪਟਨਾ ਵਿਚ ਹੋਈ ਮਹਾਂਬੈਠਕ 'ਚ ਸਾਰੀਆਂ ਵਿਰੋਧੀ ਧਿਰਾਂ ਕੇਂਦਰ ਸਰਕਾਰ ਖ਼ਿਲਾਫ਼ ਲਾਮਬੱਧ ਹੋਈਆਂ। ਆਮ ਆਦਮੀ ਪਾਰਟੀ ਵੀ ਇਸ ਮਹਾਂ ਬੈਠਕ ਦਾ ਹਿੱਸਾ ਬਣੀ। ਇਸ ਮਹਾਂਬੈਠਕ ਵਿਚ 15 ਵਿਰੋਧੀ ਧਿਰਾਂ ਨੇ ਹਿੱਸਾ ਲਿਆ, ਪਰ ਇਸ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਕਾਂਗਰਸ ਤੋਂ ਖ਼ਫਾ ਦਿਖਾਈ ਦੇ ਰਹੀ ਹੈ।
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕਾਂਗਰਸ ਕਾਲੇ ਆਰਡੀਨੈਂਸ ਖ਼ਿਲਾਫ਼ ਸਾਡਾ ਸਾਥ ਨਹੀਂ ਦੇ ਰਹੀ ਅਤੇ ਨਾ ਹੀ ਆਪਣਾ ਸਟੈਂਡ ਸਪੱਸ਼ਟ ਕਰ ਰਹੀ ਹੈ, ਜਦਕਿ ਬਾਕੀ ਸਾਰੀਆਂ ਧਿਰਾਂ ਨੇ ਸਾਡਾ ਸਮਰਥਨ ਕੀਤਾ ਹੈ। 'ਆਪ' ਕਾਂਗਰਸ ਦਾ ਇਹ ਝਗੜਾ ਇਥੇ ਤੱਕ ਪਹੁੰਚ ਗਿਆ ਹੈ ਕਿ ਆਪ ਨੇ ਵਿਰੋਧੀ ਏਕਤਾ ਤੋਂ ਆਪਣੇ ਆਪ ਨੂੰ ਵੱਖ ਕਰਨ ਦਾ ਫ਼ੈਸਲਾ ਕਰ ਲਿਆ ਹੈ। ਪਟਨਾ ਮਹਾਂ ਬੈਠਕ ਤੋਂ ਬਾਅਦ ਦੋਵਾਂ ਧਿਰਾਂ ਵਿਚ ਤਲਖੀ ਹੋਰ ਵੀ ਵਧ ਗਈ ਹੈ ਅਤੇ ਇਕ ਦੂਜੇ ਖ਼ਿਲਾਫ਼ ਟਵੀਟਰ ਵਾਰ ਵੀ ਸ਼ੁਰੂ ਹੋ ਗਈ ਹੈ। ਇਕ ਪਾਸੇ ਆਮ ਆਦਮੀ ਪਾਰਟੀ ਟਵੀਟ ਕਰ ਕੇ ਕਾਂਗਰਸ 'ਤੇ ਗੁੱਸਾ ਕੱਢ ਰਹੀ ਅਤੇ ਦੂਜੇ ਪਾਸੇ ਕਾਂਗਰਸੀ ਆਗੂ ਤਲਖੀ ਨਾਲ ਜਵਾਬ ਦੇ ਰਹੇ ਹਨ।
ਕਾਂਗਰਸ ਸਾਡਾ ਸਾਥ ਨਹੀਂ ਦੇ ਰਹੀ :ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਟਵੀਟ ਕਰਕੇ ਲਿਖਿਆ ਹੈ ਕਿ ਫ਼ੈਸਲਾ ਕਾਂਗਰਸ ਨੇ ਕਰਨਾ ਹੈ, ਭਾਰਤੀ ਲੋਕਤੰਤਰ ਨੂੰ ਬਚਾ ਕੇ ਦਿੱਲੀ ਦੇ ਲੋਕਾਂ ਦਾ ਸਾਥ ਦੇਣਾ ਹੈ ਜਾਂ ਫਿਰ ਮੋਦੀ ਸਰਕਾਰ ਦਾ ? ਇਸ ਟਵੀਟ ਦੇ ਨਾਲ ਹੀ ਉਹਨਾਂ ਕਾਂਗਰਸ ਨਾਲ ਨਰਾਜ਼ਗੀ ਜ਼ਾਹਿਰ ਕਰਦਿਆਂ ਲਿਖਿਆ ਹੈ ਕਿ ਕਾਂਗਰਸ ਹਰ ਮੁੱਦੇ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਦੀ ਹੈ, ਪਰ ਅਜੇ ਤੱਕ ਕੇਂਦਰ ਦੇ ਕਾਲੇ ਆਰਡੀਨੈਂਸ ਖ਼ਿਲਾਫ਼ ਆਪਣਾ ਸਟੈਂਡ ਸਪੱਸ਼ਟ ਨਹੀਂ ਕਰ ਰਹੀ। ਕਾਂਗਰਸ ਦਿੱਲੀ ਅਤੇ ਪੰਜਾਬ ਦੀ ਇਕਾਈ ਵੱਲੋਂ ਇਹ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਉਹ ਮੋਦੀ ਸਰਕਾਰ ਦੇ ਨਾਲ ਹਨ। ਪਟਨਾ ਵਿਚ ਕਾਂਗਰਸ ਦਾ ਸਾਥ ਮੰਗਿਆ ਗਿਆ ਸੀ, ਪਰ ਕਾਂਗਰਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
"ਆਪ" ਭਾਜਪਾ ਦੀ "ਬੀ ਟੀਮ" :ਆਮ ਆਦਮੀ ਪਾਰਟੀ ਦੀ ਨਾਰਾਜ਼ਗੀ ਉਤੇ ਪੰਜਾਬ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਵਾਬ ਦਿੱਤਾ। 'ਆਪ' 'ਤੇ ਪਲਟਵਾਰ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਤੁਸੀਂ ਭਾਜਪਾ ਦੀ 'ਬੀ' ਟੀਮ ਹੋ। ਅਗਸਤ 2019 ਵਿੱਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਪੂਰੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਦਲ ਦਿੱਤਾ। ਉਸ ਸਮੇਂ ਭਾਜਪਾ ਨੂੰ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ। ਉਸ ਨੇ ਇਸ ਨੂੰ ਸੰਘਵਾਦ 'ਤੇ ਹਮਲਾ ਕਿਉਂ ਨਹੀਂ ਮੰਨਿਆ? ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਜਮਹੂਰੀ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਲੜਦੀ ਰਹੇਗੀ। ਇਸ ਦੌਰਾਨ ਅੱਜ ਪਟਨਾ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੀ ਏਕਤਾ ਨੂੰ ਤੋੜਨ ਦਾ ‘ਆਪ’ ਦਾ ਨਾਪਾਕ ਏਜੰਡਾ ਬੇਨਕਾਬ ਹੋ ਗਿਆ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਸੰਘਵਾਦ ਅਤੇ ਜਮਹੂਰੀ ਅਧਿਕਾਰਾਂ 'ਤੇ ਹਮੇਸ਼ਾ ਦੋਹਰਾ ਮਾਪਦੰਡ ਅਪਣਾਇਆ ਹੈ।
ਸੁਖਪਾਲ ਖਹਿਰਾ ਦਾ ਵਾਰ : ਆਮ ਆਦਮੀ ਪਾਰਟੀ ਨੂੰ ਹਰ ਮੁੱਦੇ 'ਤੇ ਘੇਰਨ ਵਾਲੇ ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਆਰਡੀਨੈਂਸ ਨੂੰ ਰਾਜਾਂ ਦੀ ਖੁਦਮੁਖਤਿਆਰੀ 'ਤੇ ਹਮਲਾ ਕਰਾਰ ਦਿੰਦੇ ਹੋਏ ਸਮੁੱਚੇ ਵਿਰੋਧੀ ਧਿਰ ਤੋਂ ਸਮਰਥਨ ਦੀ ਮੰਗ ਕਰ ਰਿਹਾ ਹੈ, ਪਰ ਉਹ ਇਹ ਭੁੱਲ ਗਿਆ ਕਿ ਉਸਨੇ ਭਾਜਪਾ ਦਾ ਸਮਰਥਨ ਕਿਵੇਂ ਕੀਤਾ ਸੀ, ਜਦੋਂ ਉਸਨੇ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੋੜਨ ਲਈ ਧਾਰਾ 370 ਨੂੰ ਰੱਦ ਕਰ ਦਿੱਤਾ ਸੀ।
ਇਕੱਠੇ ਹੋਣ ਤੋਂ ਪਹਿਲਾਂ ਹੀ ਖਿੰਡ ਗਏ :ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਇਸ ਪੂਰੇ ਮਾਮਲੇ 'ਤੇ ਵਿਰੋਧੀ ਧਿਰਾਂ ਨੂੰ ਘੇਰਿਆ ਉਹਨਾਂ ਆਖਿਆ ਹੈ ਕਿ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਮੋਦੀ ਸਰਕਾਰ ਨੂੰ ਚੁਣੌਤੀ ਦੇਣਾ ਚਾਹੁੰਦੀਆਂ ਹਨ। ਜਦਕਿ ਦਿੱਲੀ ਆਰਡੀਨੈਂਸ ਨੂੰ ਲੈ ਕੇ 'ਆਪ' ਅਤੇ ਕਾਂਗਰਸ ਦਾ ਕਲੇਸ਼ ਸਭ ਦੇ ਸਾਹਮਣੇ ਆ ਗਿਆ ਹੈ। ਇਹਨਾਂ ਸਾਰਿਆਂ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਅਤੇ ਨਾ ਹੀ ਕਾਮਨ ਮੀਨੀਮਮ ਪ੍ਰੋਗਰਾਮ ਹੈ। ਇਹ ਸਾਰੇ ਆਪਣੇ ਸਵਾਰਥ ਅਤੇ ਸਿਆਸੀ ਹਿੱਤ ਸਾਧਣ ਲਈ ਇਕੱਠੇ ਹੋ ਰਹੇ ਹਨ। ਇਹ ਏਕਾ ਬਹੁਤੀ ਦੇਰ ਨਹੀਂ ਰਹਿਣਾ। ਆਪ ਅਤੇ ਕਾਂਗਰਸ ਵਾਂਗ ਬਾਕੀਆਂ ਨੇ ਅਲੱਗ ਥਲੱਗ ਹੋ ਜਾਣਾ। ਇਹਨਾਂ ਦੇ ਇਕੱਠੇ ਹੋਣ ਨਾਲ ਭਾਜਪਾ ਨੂੰ ਕੋਈ ਫ਼ਰਕ ਨਹੀਂ ਪੈਂਦਾ। ਦੇਸ਼ ਤਰੱਕੀ ਕਰ ਰਿਹਾ ਹੈ ਅਤੇ ਦੁਨੀਆਂ ਉਸ ਚੀਜ਼ ਨੂੰ ਮੰਨ ਰਹੀ ਹੈ। ਭਾਰਤ ਇਸ ਵੇਲੇ ਪੰਜਵੀ ਵੱਡੀ ਆਰਥਿਕਤਾ ਬਣਾ ਗਿਆ ਹੈ।