ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ 'ਚ ਬੇਲਗ਼ਾਮ ਹੋਏ ਰੇਤ ਮਾਫ਼ੀਆ ਖ਼ਿਲਾਫ਼ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਸ਼ਰੇਆਮ ਨਾਕੇ ਲਾ ਕੇ ਗੁੰਡਾ ਟੈਕਸ ਵਸੂਲ ਰਹੇ ਰੇਤ ਮਾਫ਼ੀਆ ਨੂੰ ਤੁਰੰਤ ਨੱਥ ਨਾ ਪਾਈ ਤਾਂ 'ਆਪ' ਪੀੜਤ ਕਰੈਸ਼ਰ ਇੰਡਸਟਰੀ, ਟਰਾਂਸਪੋਰਟਰਾਂ, ਲੇਬਰ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਨਗੇ।
ਸ਼ੁੱਕਰਵਾਰ ਇੱਥੇ ਮੁਬਾਰਕ ਕਾਰੋਬਾਰੀਆਂ ਦੀ ਮੌਜੂਦਗੀ 'ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦਫ਼ਤਰ ਸੂਬੇ 'ਚ ਸਿੱਧੇ ਤੌਰ 'ਤੇ ਰੇਤ ਮਾਫ਼ੀਆ ਹੀ ਦੀ ਸਰਪ੍ਰਸਤੀ ਕਰ ਰਿਹਾ ਹੈ। ਹਰਪਾਲ ਚੀਮਾ ਨੇ ਮੁਬਾਰਕਪੁਰ ਹੰਡੇਸਰਾ ਜ਼ੋਨ 'ਚ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਕੋਲ ਰੇਤ ਮਾਫ਼ੀਆ ਦੀ ਸਿੱਧੀ ਕਮਾਨ ਹੈ। ਚੀਮਾ ਨੇ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਸਿਆਸੀ ਸਲਾਹਕਾਰ ਸਹੀ ਅਰਥਾਂ 'ਚ ਸਲਾਹਕਾਰ ਗੁੰਡਾ ਟੈਕਸ ਵਸੂਲੀ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਰੋੜਾਂ ਰੁਪਏ ਖ਼ਰਚ ਕਰਕੇ 'ਇਨਵੇਸਟ ਪੰਜਾਬ' ਕਰਵਾ ਰਹੀ ਹੈ, ਦੂਜੇ ਪਾਸੇ 40 ਸਾਲ ਤੋਂ ਸਥਾਪਿਤ ਕਰੈਸ਼ਰ ਇੰਡਸਟਰੀ ਦੀ ਬਲੀ ਦੇ ਕੇ ਮਾਫ਼ੀਆ ਪਾਲ ਰਹੀ ਹੈ, ਜਦਕਿ ਇਕੱਲਾ ਮੁਬਾਰਿਕਪੁਰ ਕਰੈਸ਼ਰ ਜ਼ੋਨ ਪ੍ਰਤੀ ਮਹੀਨੇ ਸਰਕਾਰ ਨੂੰ 50 ਲੱਖ ਰੁਪਏ ਦੇ ਟੈਕਸ ਦਿੰਦਾ ਹੈ।
ਚੀਮਾ ਨੇ ਕਿਹਾ ਕਿ ਮਾਫ਼ੀਆ ਰਾਜ 'ਚ ਉਦਯੋਗਿਕ ਨਿਵੇਸ਼ ਦੀ ਆਸ ਨਹੀਂ ਰੱਖੀ ਜਾ ਸਕਦੀ।
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਡੋਡ (ਫ਼ਰੀਦਕੋਟ) ਦੇ ਹਵਾਲੇ ਨਾਲ ਕਿਹਾ ਕਿ ਹਰ ਪੱਧਰ 'ਤੇ ਮਾਫ਼ੀਆ ਦਾ ਬੋਲਬਾਲਾ ਹੈ, ਜਿਸ ਤਰੀਕੇ ਨਾਲ ਕੈਪਟਨ ਰਾਜ ਦੇ ਰੇਤ ਮਾਫ਼ੀਆ ਨੇ ਅੱਤ ਮਚਾਈ ਹੈ, ਉਸ ਨੇ ਬਾਦਲਾਂ ਦਾ ਮਾਫ਼ੀਆ ਰਾਜ ਫਿੱਕਾ ਪਾ ਦਿੱਤਾ। ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੂਬੇ 'ਚ ਜੰਗਲ ਰਾਜ ਹੈ। ਸਰਕਾਰ ਹਰ ਮੁਹਾਜ਼ 'ਤੇ ਫ਼ੇਲ੍ਹ ਹੋ ਗਈ ਹੈ।