ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਸਰਕਾਰੀ ਨਸ਼ਾ ਛਡਾਊ (ਓਟ) ਕਲੀਨਿਕਾਂ 'ਚੋਂ ਨਸ਼ਾ ਛਡਾਊ ਗੋਲੀ ਦੀ ਵੱਡੀ ਪੱਧਰ 'ਤੇ ਪੈਦਾ ਹੋਈ ਕਮੀ ਦਾ ਕਾਰਨ ਡਰੱਗ ਮਾਫ਼ੀਆ ਨਾਲ ਸਰਕਾਰੀ ਮਿਲੀਭੁਗਤ ਦਾ ਹੋਣਾ ਦੱਸਿਆ ਹੈ।
ਆਪ ਦੇ ਨੌਜਵਾਨ ਆਗੂ ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸਰਕਾਰੀ ਨਸ਼ਾ ਛਡਾਊ ਕੇਂਦਰਾਂ 'ਤੇ ਨਸ਼ਾ ਛਡਾਊ ਗੋਲੀ ਦੀ ਕਮੀ ਪਿੱਛੇ ਡਰੱਗ ਮਾਫ਼ੀਆ ਦੀ ਵੱਡੇ ਪੱਧਰ 'ਤੇ ਮਿਲੀਭੁਗਤ ਅਤੇ ਸੋਚੀ ਸਮਝੀ ਚਾਲ ਹੈ, ਜਿਸ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ
ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇੱਕ ਪਾਸੇ ਨਸ਼ੇ ਦੇ ਮਰੀਜ਼ ਸਰਕਾਰੀ ਓਟ ਕਲੀਨਿਕਾਂ 'ਚ ਰੋਜ਼ਾਨਾ ਮਿਲਣ ਵਾਲੀ ਨਸ਼ੇ ਦੀ ਗੋਲੀ ਨੂੰ ਤਰਸ ਰਹੇ ਹਨ। ਦੂਜੇ ਪਾਸੇ ਮਜਬੂਰੀ ਦਾ ਲਾਹਾ ਲੈਂਦਿਆਂ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਇਨ੍ਹਾਂ ਗੋਲੀਆਂ ਦੀ 10 ਗੁਣਾ ਮਹਿੰਗੀ ਕੀਮਤ ਵਸੂਲ ਰਹੀਆਂ ਹਨ।
ਮੀਤ ਹੇਅਰ ਨੇ ਕਿਹਾ ਕਿ ਸਰਕਾਰ ਦੀ ਸਰਪ੍ਰਸਤੀ ਥੱਲੇ ਡਰੱਗ ਮਾਫ਼ੀਆ ਨੇ ਦੂਹਰੀ ਲੁੱਟ ਮਚਾਈ ਹੋਈ ਹੈ। ਇੱਕ ਪਾਸੇ ਡਰੱਗ ਮਾਫ਼ੀਆ ਆਪਣੇ ਸੰਗਠਨਾਤਮਕ ਨੈੱਟਵਰਕ ਰਾਹੀਂ ਨਸ਼ਿਆਂ ਦੀ 'ਹੋਮ ਡਿਲਿਵਰੀ' ਦੇ ਰਿਹਾ ਹੈ, ਦੂਜੇ ਪਾਸੇ ਨਸ਼ਾ ਛਡਾਉਣ ਦੇ ਨਾਂ 'ਤੇ ਧੜੱਲੇ ਨਾਲ ਚੱਲ ਰਹੀਆਂ ਪ੍ਰਾਈਵੇਟ ਨਸ਼ਾ ਛਡਾਊ ਦੁਕਾਨਾਂ ਰਾਹੀਂ ਨਸ਼ਾ ਛਡਾਊ ਗੋਲੀਆਂ ਰਾਹੀਂ ਲੁੱਟ ਮਚਾ ਰਿਹਾ ਹੈ।
ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਗ਼ਾਇਬ ਹੋਈਆਂ ਕਰੋੜਾਂ ਗੋਲੀਆਂ ਅਤੇ ਇਨ੍ਹਾਂ ਗੋਲੀਆਂ ਦੀ ਕੀਮਤ 'ਚ ਨਿੱਜੀ ਕੰਪਨੀਆਂ ਨਾਲ ਮਿਲ ਕੇ ਹੋਏ ਖ਼ਰੀਦ ਘੁਟਾਲੇ ਵੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।