ਚੰਡੀਗੜ੍ਹ: ਪੰਜਾਬ ਸਕਰਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਆਰਥਿਕ ਮੰਦੀ ਵਿਚੋਂ ਨਿਕਲ ਰਹੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਬੇਹੱਦ ਚਿੰਤਾ ਦਾ ਵਿਸ਼ਾ ਹੈ। ਯੂਨੀਵਰਸਿਟੀਆਂ ਵਿਚੋਂ ਹੀ ਪੰਜਾਬ ਦੇ ਨੌਜਵਾਨ ਨੇ ਉਚ ਵਿਦਿਆ ਹਾਸਲ ਕਰਕੇ ਸੂਬੇ ਨੂੰ ਸਹੀ ਸੇਧ ਦੇਣੀ ਹੈ। ਇਥੋਂ ਹੀ ਬੁੱਧੀਜੀਵੀ, ਵਿਗਿਆਨੀ ਪੈਦਾ ਹੋਣੇ ਹਨ। ਜਿਨਾਂ ਨੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕੀਤਾ।
ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਦਿੱਤਾ ਗਿਆ ਅਸਤੀਫ਼ਾ ਇਹ ਸਿੱਧ ਕਰਦਾ ਹੈ ਕਿ ਕੈਪਟਨ ਸਰਕਾਰ ਵਿਦਿਅਕ ਅਦਾਰਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਨੀਆ ਦੀਆਂ ਉਨਾਂ ਦੋ ਯੂਨੀਵਰਸਿਟੀਆਂ ਵਿਚੋਂ ਇਕ ਯੂਨੀਵਰਸਿਟੀ ਹੈ ਜੋ ਕਿਸੇ ਭਾਸ਼ਾ ਦੇ ਆਧਾਰ ਉਤੇ ਸਥਾਪਤ ਹੈ।
ਉਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਸਾਡੀ ਗੁਰੂਆਂ ਦੀ ਭਾਸ਼ਾ ਪੰਜਾਬੀ ਬੋਲੀ ਲਈ ਬੇਹੱਦ ਸ਼ਲਾਘਾਯੋਗ ਕੰਮ ਕੀਤਾ ਅਤੇ ਹੁਣ ਤਕਨੀਕੀ ਯੁੱਗ ਵਿੱਚ ਵੀ ਪੰਜਾਬੀ ਭਾਸ਼ਾ 'ਤੇ ਅਹਿਮ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਬੇਹੱਦ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਅਤੇ ਜਿੱਥੋਂ ਉਨਾਂ ਦੀ ਪਤਨੀ ਪ੍ਰਨੀਤ ਕੌਰ ਐਮਪੀ ਹੋਵੇ ਉਥੇ ਸਾਡੀ ਪੰਜਾਬੀਆਂ ਲਈ ਆਨਸ਼ਾਨ ਬਣੀ ਪੰਜਾਬੀ ਯੂਨੀਵਰਸਿਟੀ ਵੱਲ ਧਿਆਨ ਨਾ ਦਿੱਤਾ ਜਾ ਰਿਹਾ।