ਚੰਡੀਗੜ੍ਹ :ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਲਿਖੇ ਪੱਤਰ ‘ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਜਿਸ ਤਰ੍ਹਾਂ ਮਾਨਯੋਗ ਰਾਜਪਾਲ ਹਰ ਰੋਜ ਚੁਣੀ ਹੋਈ ਸਰਕਾਰ ਦੇ ਕੰਮਕਾਜ ‘ਚ ਦਖਲਅੰਦਾਜ਼ੀ ਕਰ ਰਹੇ ਹਨ, ਇਹ ਸੰਵਿਧਾਨਕ ਤੌਰ 'ਤੇ ਚੰਗੇ ਇਸ਼ਾਰੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪ੍ਰਿੰਸੀਪਲਾਂ ਨੂੰ ਦੁਨੀਆ ਦੇ ਸਰਵੋਤਮ ਮਾਡਲ ਵਾਲੇ ਦੇਸ਼ ਸਿੰਗਾਪੁਰ ਭੇਜਿਆ ਹੈ ਤਾਂ ਉਸ ਵਿੱਚ ਅਸੀਂ ਕੀ ਗੁਨਾਹ ਕੀਤਾ ਹੈ।
ਭਾਜਪਾ ਦੇ ਗਰੀਬ ਵਿਰੋਧੀ ਹੋਣ ਦੇ ਇਲਜ਼ਾਮ:ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਰਾਜਪਾਲ ਰਾਹੀਂ ਸਰਕਾਰ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ, ਚਾਹੇ ਉਹ ਪੰਜਾਬ ਦੀ ਗੱਲ ਹੋਵੇ ਜਾਂ ਦਿੱਲੀ ਦੀ। ਇਸ ਨਾਲ ਸਾਬਤ ਹੁੰਦਾ ਹੈ ਕਿ ਭਾਜਪਾ ਨਹੀਂ ਚਾਹੁੰਦੀ ਕਿ ਗਰੀਬ ਲੋਕਾਂ ਦੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਆਉਣ। ਇਸ ਦੇ ਨਾਲ ਹੀ ਭਾਜਪਾ ਰਾਜਪਾਲ ਰਾਹੀਂ ਪੰਜਾਬ ਸਰਕਾਰ ਵਿਰੁੱਧ ਸਾਜ਼ਿਸ਼ ਰਚ ਰਹੀ ਹੈ। ਕੰਗ ਨੇ ਕਿਹਾ ਕਿ ਅਸੀਂ ਰਾਜਪਾਲ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਅਦਾਲਤ ਦੇ ਹੁਕਮਾਂ ਤੋਂ ਬਿਨਾਂ ਅਤੇ ਮੁਕੱਦਮੇ ਤੋਂ ਬਿਨਾਂ ਕਿਸੇ ਨੂੰ ਮੁਲਜ਼ਮ ਕਿਵੇਂ ਠਹਿਰਾ ਸਕਦੇ ਹੋ। ਕੀ ਤੁਹਾਨੂੰ ਕਾਨੂੰਨੀ ਪ੍ਰਕਿਰਿਆ ਅਤੇ ਮਾਣਯੋਗ ਅਦਾਲਤਾਂ ਵਿੱਚ ਵਿਸ਼ਵਾਸ ਨਹੀਂ ਹੈ। ਕੰਗ ਨੇ ਕਿਹਾ ਕਿ ਤੁਸੀਂ ਕੌਣ ਹੋ ਕਿਸੇ ਮੁਲਜ਼ਮ ਨੂੰ ਦੋਸ਼ੀ ਠਹਿਰਾਉਣ ਵਾਲੇ।
ਰਾਜਪਾਲ ਦਾ ਅਪਮਾਨ ਨਿੰਦਣਯੋਗ:ਉੱਧਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਵੱਲੋਂ ਰਾਜਪਾਲ 'ਤੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿ ਮੁੱਖ ਮੰਤਰੀ ਨੇ ਰਾਜਪਾਲ ਦਾ ਅਪਮਾਨ ਕੀਤਾ ਹੈ ਜੋ ਨਿੰਦਣਯੋਗ ਹੈ। ਅਸੀਂ ਭਾਜਪਾ ਪੰਜਾਬ ਦੀ ਤਰਫੋਂ ਇਸ ਦੀ ਹੋਰ ਵੀ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਰਾਜਪਾਲ ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ। ਜਿਸ ਤਰੀਕੇ ਨਾਲ ਪੰਜਾਬ ਵਿੱਚ ਇਨ੍ਹੀਂ ਦਿਨੀਂ ਨਸ਼ੇ ਦਾ ਬੋਲਬਾਲਾ ਚੱਲ ਰਿਹਾ ਹੈ, ਜਿਸ ਤਰ੍ਹਾਂ ਨਾਲ ਲੁੱਟ-ਖੋਹ ਤੇ ਕਤਲ ਹੋ ਰਹੇ ਹਨ ਅਤੇ ਇਹ ਧੰਦਾ ਵੀ ਪੰਜਾਬ ਤੋਂ ਬਾਹਰ ਜਾ ਰਿਹਾ ਹੈ।