ਚੰਡੀਗੜ੍ਹ:ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਲੰਘੇ ਦਿਨੀਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸੂਬਾ ਸਰਕਾਰ ਦੇ ਮੁਹੱਲਾ ਕਲੀਨਕਾਂ ਉੱਤੇ ਚੁੱਕੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਕੰਗ ਨੇ ਕਿਹਾ ਕਿ ਬਿਕਰਮ ਮਜੀਠੀਆ ਵਲੋਂ ਨੈਤਿਕਤਾ ਤੇ ਜਵਾਦੇਹੀ ਨੂੰ ਲੈ ਲੰਘੇ ਦਿਨੀਂ ਵੱਡੀਆਂ ਗੱਲਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ, ਪਰ ਅਸਲੀਅਤ ਵਿੱਚ ਲਾਗੂ ਕਰਨਾ ਇੰਨਾ ਸੌਖਾ ਕੰਮ ਨਹੀਂ ਹੈ।
ਅਕਾਲੀ ਦਲ ਨੇ ਕੀਤਾ ਸੱਤਾ ਦਾ ਦੁਰਉਪਯੋਗ:ਮਲਵਿੰਦਰ ਕੰਗ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਰਾਜ ਨਹੀਂ ਸੇਵਾ ਕਰਨ ਦਾ ਨਾਅਰਾ ਦੇ ਕੇ ਇਨ੍ਹਾਂ ਵਲੋਂ ਸੱਤਾ ਦਾ ਦੁਰਉਪਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਅਕਾਲੀ ਦਲ ਨੇ ਹੁਣ ਤੱਕ ਪੰਜਾਬ ਦੀ ਸੱਤਾ ਨੂੰ ਬਪੌਤੀ ਬਣਾ ਕੇ ਰੱਖਿਆ ਹੋਇਆ ਸੀ ਉਨ੍ਹਾਂ ਕਿਹਾ ਕਿ ਇਨ੍ਹਾਂ ਉੱਤੇ ਸੱਤਾ ਦਾ ਇੰਨਾ ਨਸ਼ਾ ਸੀ ਕਿ ਇਨ੍ਹਾਂ ਪੰਜਾਬ ਦੀ ਸੱਤਾ ਨੂੰ ਮਖੌਲ ਬਣਾਇਆ ਹੋਇਆ ਸੀ।
ਇਹ ਵੀ ਪੜ੍ਹੋ:Road accident in Amritsar: ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ
ਕੰਗ ਨੇ ਕਿਹਾ ਕਿ ਅਕਾਲੀ ਪਾਰਟੀ ਪੰਜਾਬ ਦੇ ਲੋਕਾਂ ਵਲੋਂ ਨਕਾਰੀ ਗਈ ਹੈ। ਇਨ੍ਹਾਂ ਨੂੰ ਐਮਐਲਏ ਦੇ ਸਟਿਕਰ ਦਿੱਤੇ ਗਏ ਸਨ, ਉਹ ਵੀ ਇਨ੍ਹਾਂ ਵਲੋਂ ਹਾਲੇ ਤੀਕਰ ਵਿਧਾਨ ਸਭਾ ਨੂੰ ਮੋੜੇ ਨਹੀਂ ਗਏ ਹਨ। ਕੰਗ ਨੇ ਕਿਹਾ ਕਿ ਸਾਨੂੰ ਬਿਲਡਿੰਗਾਂ ਰੰਗ ਰੋਗਨ ਕਰਕੇ ਸਿਹਤ ਸਹੂਲਤਾਂ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਅਸੀਂ ਤਾਂ ਬਿਲਡਿੰਗਾਂ ਦਾ ਸਹੀ ਇਸਤੇਮਾਲ ਕਰ ਰਹੇ ਹਾਂ। ਮੁੱਖ ਮੰਤਰੀ ਲੋਕਾਂ ਦੀ ਸਿਹਤ ਲਈ ਫਿਕਰਮੰਦ ਹਨ। ਉਨਾਂ ਕਿਹਾ ਕਿ ਇਹ ਲੋਕ ਸੱਤਾ ਦੇ ਸ਼ਿਖਰ ਉੱਤੇ ਰਹਿ ਕੇ ਪੀੜੀ ਦਰ ਪੀੜੀ ਪੰਜਾਬ ਦੇ ਲੋਕਾਂ ਨੂੰ ਟਿੱਚ ਜਾਣਦੇ ਰਹੇ ਹਨ।
ਗਲਤ ਰਵਾਇਤਾਂ ਹੋਣਗੀਆਂ ਬੰਦ:ਉਨ੍ਹਾਂ ਕਿਹਾ ਕਿ ਹਰੇਕ ਗੱਲ ਦਾ ਨੋਟਿਸ ਲਿਆ ਜਾਵੇਗਾ। ਗਲਤ ਰਵਾਇਤਾਂ ਬੰਦ ਕੀਤੀਆਂ ਜਾਣਗੀਆਂ। ਅਸੀਂ ਪੰਜਾਬ ਦੇ ਲੋਕਾਂ ਤੇ ਖਜਾਨੇ ਦੇ ਪਹਿਰੇਦਾਰ ਹਾਂ ਅਤੇ ਜਵਾਬਦੇਹ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਦੇ ਵਿਧਾਨ ਸਭਾ ਨੂੰ ਕੁੱਝ ਨਹੀਂ ਸਮਝਦੇ। ਵਿਧਾਨ ਸਭਾ ਨੇ ਨੋਟਿਸ ਜਾਰੀ ਕਰਕੇ ਸੁਖਬੀਰ ਬਾਦਲ ਤੇ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਦੇ ਸਟਿੱਕਰ ਮੋੜਨ ਲਈ ਕਿਹਾ ਗਿਆ ਹੈ ਪਰ ਇਹ ਕਾਨੂੰਨ ਨੂੰ ਟਿੱਚ ਜਾਣਦੇ ਹਨ।