ਚੰਡੀਗੜ੍ਹ: ਦਿੱਲੀ ਆਰਡੀਨੈਂਸ ਖ਼ਿਲਾਫ਼ ਕਾਂਗਰਸ ਵੱਲੋਂ 'ਆਪ' ਨੂੰ ਸਮਰਥਨ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਭਾਂਬੜ ਬਣ ਗਿਆ ਹੈ। ਚਰਚਾ ਤਾਂ ਇਹ ਚੱਲਣ ਲੱਗੀ ਹੈ 1984 ਅਤੇ ਸਿੱਖ ਕਤਲੇਆਮ 'ਚ ਘਿਰੀ ਕਾਂਗਰਸ ਨਾਲ ਹੁਣ ਆਮ ਆਦਮੀ ਪਾਰਟੀ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ। ਪੰਜਾਬ 'ਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹੁਣ ਸਵਾਲ ਇਹ ਉੱਠਣ ਲੱਗੇ ਹਨ ਕਿ ਪੰਜਾਬ ਨੂੰ 1984 ਦੇ ਜ਼ਖ਼ਮ ਦੇਣ ਵਾਲੀ ਕਾਂਗਰਸ ਨਾਲ 'ਆਪ' ਇੱਕੋ ਮੰਚ 'ਤੇ ਆ ਰਹੀ ਹੈ। ਪੰਜਾਬ ਦੀਆਂ ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਆਖ਼ਿਰ ਪੰਜਾਬ ਨੂੰ ਜ਼ਖ਼ਮ ਦੇਣ ਵਾਲੀ ਪਾਰਟੀ ਨਾਲ ਪੰਜਾਬ ਦੀ ਸਰਕਾਰ ਕਿਵੇਂ ਖੜ੍ਹ ਸਕਦੀ ਹੈ ।
ਦੋਵਾਂ ਦਾ ਸਿੱਖ ਵਿਰੋਧੀ ਚਿਹਰਾ ਨੰਗਾ:ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ 'ਤੇ 'ਆਪ' ਦਾ ਤਰਜਮਾ ਕਾਂਗਰਸ ਨਾਲ ਕੀਤਾ ਹੈ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਹੈ ਕਿ ਆਮ ਅਦਮੀ ਪਾਰਟੀ ਅਤੇ ਕਾਂਗਰਸ ਵੱਖ ਨਹੀਂ ਦੋਵੇਂ ਇੱਕ ਸਿੱਕੇ ਦੋ ਪਾਸੇ ਹਨ। ਇਹਨਾਂ ਨੇ ਪਹਿਲਾਂ ਦਿੱਲੀ ਵਿੱਚ ਇਕੱਠੇ ਹੋ ਕੇ ਸਰਕਾਰ ਬਣਾਈ। ਰਾਸ਼ਟਰਪਤੀ ਦੀਆਂ ਵੋਟਾਂ ਵੇਲੇ ਦੋਵੇਂ ਇਕੱਠੇ ਹੋਏ ਜਦੋਂ ਕਾਂਗਰਸ ਨੂੰ ਲੋੜ ਪਈ ਤਾਂ ਆਮ ਆਦਮੀ ਪਾਰਟੀ ਕਾਂਗਰਸ ਦੇ ਹੱਕ 'ਚ ਖਲ੍ਹੋਤੀ ਅਤੇ ਜਦੋਂ ਆਪ ਨੂੰ ਲੋੜ ਪਈ ਤਾਂ ਕਾਂਗਰਸ ਹੱਕ 'ਚ ਬੋਲੀ। 1984 ਕਤਲੇਆਮ ਵਾਂਗ ਦੋਵਾਂ ਦਾ ਏਜੰਡਾ ਵੱਖ ਨਹੀਂ ਹੈ ਦੋਵੇਂ ਸਿੱਖ ਵਿਰੋਧੀ ਹਨ। ਜਿਸ ਤਰ੍ਹਾਂ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰਵਾਇਆ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦਾ ਵੀ ਸਿੱਖਾਂ ਨਾਲ ਕੋਈ ਪਿਆਰ ਨਹੀਂ ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਸਿੱਖ ਚਿਹਰਾ ਨਹੀਂ ਹੈ। ਸਿੱਖਾਂ ਨੂੰ ਤਾਂ ਦਿੱਲੀ ਵਿੱਚ ਕੋਈ ਚੇਅਰਮੈਨੀ ਵੀ ਨਹੀਂ ਮਿਲੀ। ਹੁਣ ਸਿੱਖਾਂ ਦਾ ਘਾਣ ਕਰਨ ਵਾਲੀ ਕਾਂਗਰਸ ਦੇ ਨਾਲ ਚੱਲਣਾ 'ਆਪ' ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ।
'ਆਪ' ਨੂੰ ਮਿਲਿਆ ਕਾਂਗਰਸ ਦਾ ਸਾਥ, ਵਿਰੋਧੀ ਧਿਰਾਂ ਨੇ ਯਾਦ ਕਰਵਾਇਆ 1984 - ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ
ਦਿੱਲੀ ਆਰਡੀਨੈਂਸ ਦੇ ਮੁੱਦੇ ਉੱਤੇ ਕਾਂਗਰਸ ਨੇ 'ਆਪ' ਦਾ ਸਾਥ ਕੀ ਦਿੱਤਾ ਵਿਰੋਧੀਆਂ ਨੂੰ ਨਵਾਂ ਮੁੱਦਾ ਮਿਲ ਗਿਆ। ਹੁਣ ਸੀਨੀਅਰ ਭਾਜਪਾ ਆਗੂ ਬਿਕਰਮਜੀਤ ਸਿੰਘ ਨੇ ਕਿਹਾ ਕਿ ਆਪ ਨੇ ਪੰਜਾਬੀਆਂ ਦੀ ਕਾਤਲ ਜਮਾਤ ਕਾਂਗਰਸ ਨਾਲ ਹੱਥ ਮਿਲਾ ਕੇ ਆਪਣਾ ਅਸਲ ਚਿਹਰਾ ਨਸ਼ਰ ਕਰ ਦਿੱਤਾ ਹੈ।
ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੇ ਕਾਂਗਰਸ ਅਤੇ 'ਆਪ' ਨੂੰ ਕਰੜੇ ਹੱਥੀਂ ਲਿਆ। ਉਹਨਾਂ ਆਖਿਆ ਕਿ ਦੋਵਾਂ ਦੇ ਇਕੱਠ ਨਾਲ ਬਿੱਲੀ ਤਾਂ ਥੈਲੇ ਵਿੱਚੋਂ ਬਾਹਰ ਆ ਗਈ ਹੈ। ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ ਹੈ। ਪੰਜਾਬੀਆਂ ਨੇ 'ਆਪ' ਦੇ 92 ਵਿਧਾਇਕ ਇਸ ਲਈ ਜਿਤਾਏ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਇਹ 92 ਐਮਐਲਏ ਕਰਨਗੇ। ਸਿੱਖ ਭਾਈਚਾਰੇ ਨੂੰ 'ਆਪ' ਨੇ ਵੱਡੀ ਠੇਸ ਮਾਰੀ ਹੈ ਕਿਉਂਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਨੂੰ ਤੋੜਣ ਦੀ ਗੱਲ ਕੀਤੀ, ਪੰਜਾਬ ਦੇ ਟੋਟੇ ਕਾਂਗਰਸ ਨੇ ਕੀਤੇ, ਪੰਜਾਬ 'ਚ ਕਾਂਗਰਸ ਨੇ ਫਿਰਕੂ ਹਿੰਸਾ ਫੈਲਾਈ ਅਤੇ 1984 ਦਾ ਆਪ੍ਰੇਸ਼ਨ ਬਲੂ ਸਟਾਰ ਕਰਵਾਇਆ ਜਿਸ ਨੂੰ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਦੇਸ਼ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਕੰਮ ਕਾਂਗਰਸ ਨੇ ਕੀਤਾ ਇਸ ਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ। ਆਪ ਨੇ ਸਿੱਖੀ ਦਾ ਘਾਣ ਕਰਨ ਵਾਲੀ ਕਾਂਗਰਸ ਦੀ ਮਦਦ ਲਈ ਹੈ ਹੁਣ ਬਿੱਲੀ ਥੈਲਿਓਂ ਬਾਹਰ ਹੈ ਪੰਜਾਬ ਦੇ ਲੋਕ ਆਪ ਨੂੰ ਕਦੇ ਮੁਆਫ਼ ਨਹੀਂ ਕਰਨਗੇ।