ਚੰਡੀਗੜ੍ਹ:ਚੰਡੀਗੜ੍ਹ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਅੱਗ ਲੱਗ ਗਈ। ਇਸ ਖਬਰ ਦੇ ਨਸ਼ਰ ਹੁੰਦਿਆਂ ਹੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ। ਅੱਗ ਦਾ ਧੂੰਆਂ ਐਮਰਜੈਂਸੀ ਅਤੇ ਆਈਸੀਯੂ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਫੌਰੀ ਤੌਰ 'ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ। ਸਿਵਲ ਡਿਫੈਂਸ ਵਿਭਾਗ ਦੇ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਅੱਗ ਲੱਗ ਗਈ ਹੈ। ਇਸ ਦੀ ਸੂਚਨਾਂ ਮਿਲਦੇ ਹੀ ਤੁਰੰਤ ਮੁਢਲੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਵਿੱਚ ਹੈ।
ਪੀਜੀਆਈ ਦੇ ਅੱਗ ਬੁਝਾਊ ਯੰਤਰ ਰਹੇ ਫੇਲ੍ਹ : ਦੱਸਣਯੋਗ ਹੈ ਕਿ ਚੰਡੀਗੜ੍ਹ ਪੀਜੀਆਈ ਵਿੱਚ ਦੇਰ ਰਾਤ 12:22 ਵਜੇ ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਮਿਲੀ। ਪੀਜੀਆਈ ਦੀ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਜਦੋਂ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤਾਂ ਚੰਡੀਗੜ੍ਹ ਦੇ ਫਾਇਰ ਸਟੇਸ਼ਨ ਨੂੰ ਸੂਚਿਤ ਕਰਕੇ ਫਾਇਰ ਟੈਂਡਰਾਂ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਸੈਕਟਰ-17 ਸਮੇਤ ਕਈ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਜੇਕਰ ਫਾਇਰ ਬ੍ਰਿਗੇਡ ਮੌਕੇ 'ਤੇ ਨਾ ਪਹੁੰਚਦੀ ਤਾਂ ਇਹ ਭਿਆਨਕ ਹਾਦਸਾ ਹੋ ਸਕਦਾ ਸੀ।
415 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ: ਰਾਹਤ ਦੀ ਗੱਲ ਇਹ ਹੈ ਕਿ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਵਾਰਡਾਂ ਵਿੱਚ ਭੇਜ ਦਿੱਤਾ ਗਿਆ ਹੈ। ਜੋ ਮਰੀਜ਼ ਵੈਂਟੀਲੇਟਰ 'ਤੇ ਹਨ, ਉਹ ਵੀ ਸੁਰੱਖਿਅਤ ਹਨ। ਉਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਗਿਆ ਹੈ। ਭਿਆਨਕ ਅੱਗ ਦੇ ਦੌਰਾਨ ਕੁੱਲ 415 ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਪੀਜੀਆਈ ਦੇ ਸੁਰੱਖਿਅਤ ਵਾਰਡਾਂ ਵਿੱਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਗਰਭਵਤੀ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਕਿਸੇ ਹੋਰ ਇਮਾਰਤ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਜਿੱਥੇ ਅੱਗ ਲੱਗੀ ਉੱਥੇ ਤਿੰਨ ਮਹੀਨੇ ਤੋਂ ਲੈ ਕੇ ਤਿੰਨ ਸਾਲ ਤੱਕ ਦੇ ਬੱਚੇ ਦਾਖਲ ਹਨ। ਅੱਗ ਲੱਗਣ ਕਾਰਨ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ : ਦੱਸਿਆ ਜਾ ਰਿਹਾ ਹੈ ਕਿ ਕੰਪਿਊਟਰ ਰੂਮ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਰੈਜ਼ੀਡੈਂਟ ਫੈਕਲਟੀ, ਹਸਪਤਾਲ ਪ੍ਰਸ਼ਾਸਨ ਅਤੇ ਇੰਜੀਨੀਅਰ ਤੁਰੰਤ ਹਰਕਤ ਵਿੱਚ ਆ ਗਏ। ਸਾਰੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਮਰੀਜ਼ਾਂ ਨੂੰ ਬਾਹਰ ਕੱਢਣ ਲਈ ਕਰੇਨ ਦੀ ਮਦਦ ਵੀ ਲਈ ਗਈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਅੱਗ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ ਅੱਗ ਲੱਗਣ ਕਾਰਨ ਹਸਪਤਾਲ ਦਾ ਕਾਫੀ ਨੁਕਸਾਨ ਹੋਇਆ ਹੈ।