ਅੰਮ੍ਰਿਤਸਰ:ਅਜਨਾਲਾ ਦੇ ਥਾਣੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਕ ਸਬ-ਕਮੇਟੀ ਬਣਾਈ ਗਈ ਹੈ। ਜਾਣਕਾਰੀ ਅਨੁਸਾਰ ਇਹ ਕਮੇਟੀ ਪੰਜਾਬ ਵਿੱਚ ਥਾਂ-ਥਾਂ ਹੁੰਦੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਿਆਂ, ਦਿੱਤੇ ਜਾ ਰਹੇ ਧਰਨਿਆਂ ਅਤੇ ਹੋਰ ਕਬਜ਼ੇ ਵਾਲੀਆਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਸੰਬੰਧੀ ਫੈਸਲਾ ਲੈਣ ਵਿੱਚ ਸਮਰੱਥ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ ਇਹ ਕਮੇਟੀ ਫੈਸਲਾ ਲਵੇਗੀ ਕਿ ਗੁਰੂ ਸਾਹਿਬ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਣ ਤੋਂ ਬਚਾਅ ਰਹੇ ਅਤੇ ਜੇਕਰ ਕਿਤੇ ਇਹੋ ਜਿਹਾ ਖ਼ਦਸ਼ਾ ਪੈਦਾ ਹੁੰਦਾ ਹੋਵੇ ਕਿ ਇਸ ਨਾਲ ਬੇਅਦਬੀ ਹੋ ਸਕਦੀ ਹੈ ਤਾਂ ਉਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਜਾਣ ਜਾਂ ਨਹੀਂ ਭੇਜਣ ਉੱਤੇ ਵੀ ਵਿਚਾਰ ਕਰ ਸਕਦੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਈ ਮੈਂਬਰ ਨਿਯੁਕਤ: ਇਹ ਵੀ ਜ਼ਿਕਰਯੋਗ ਹੈ ਕਿ ਇਸ ਕਮੇਟੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੱਖ-ਵੱਖਸਿੱਖ ਸੰਪਰਦਾਵਾਂ ਦੇ ਮੁਖੀਆਂ, ਸਿੱਖ ਜਥੇਬੰਦੀਆਂ ਅਤੇ ਹੋਰ ਕਈ ਮਹਾਨ ਵਿਦਵਾਨਾਂ ਨੂੰ ਮੈਂਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ। ਇਸ ਸੰਬੰਧੀ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਕਮੇਟੀ ਨੂੰ ਇਸ ਮਾਮਲੇ ਉੱਤੇ ਵਿਚਾਰ-ਵਟਾਂਦਰਾਂ ਕਰਕੇ ਕੋਈ 15 ਦਿਨਾਂ ਦਰਮਿਆਨ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੀ ਰਿਪੋਰਟ ਭੇਜ ਕੇ ਪੱਖ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵਲੋਂ ਭੇਜੇ ਗਏ ਸੁਝਾਅ ਉੱਤੇ ਸ੍ਰੀ ਅਕਾਲ ਤਖ਼ਤ ਵੱਲੋਂ ਅੰਤਿਮ ਫੈਸਲਾ ਲਿਆ ਜਾਣਾ ਹੈ। ਇਹ ਵੀ ਯਾਦ ਰਹੇ ਕਿ ਅਕਾਲ ਤਖਤ ਵਲੋਂ ਬਣਾਈ ਗਈ ਇਸ ਸਬ ਕਮੇਟੀ ਦੇ ਕੋ-ਆਰਡੀਨੇਟਰ ਕਰਨੈਲ ਸਿੰਘ ਪੀਰ-ਮੁਹੰਮਦ ਨੂੰ ਥਾਪਿਆ ਗਿਆ ਹੈ।