ਚੰਡੀਗੜ੍ਹ 'ਚ ਹਿੱਟ ਐਂਡ ਰਨ: ਤੇਜ਼ ਰਫਤਾਰ ਥਾਰ ਨੇ ਕੁੜੀ ਨੂੰ ਦਰੜਿਆ, ਲੱਗੀਆਂ ਗੰਭੀਰ ਸੱਟਾਂ ਚੰਡੀਗੜ੍ਹ: ਸੜਕ ਉੱਤੇ ਘੁੰਮਦੇ ਕੁੱਤਿਆਂ ਨੂੰ ਸੇਵਾ ਭਾਵਨਾ ਨਾਲ ਰੋਟੀ ਦੇਣ ਪਹੁੰਚੀ ਇੱਕ ਤੇਜਸਵਿਤਾ ਕੌਸ਼ਲ ਨਾਂਅ ਦੀ ਕੁੜੀ ਨੂੰ ਸੇਵਾ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਤੇਜ਼ ਰਫਤਾਰੀ ਦੇ ਨਸ਼ੇ ਵਿੱਚ ਚੂਰ ਥਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਹਾਦਸੇ ਵਿੱਚ ਵਾਲ ਵਾਲ ਬਚੀ ਕੁੜੀ ਨੇ ਕਿਹਾ ਕਿ ਸਭ ਕੁੱਝ ਇੰਨੀ ਜਲਦੀ ਹੋਇਆ ਕਿ ਉਸ ਨੂੰ ਕੁੱਝ ਵੀ ਸਮਝ ਨਹੀਂ ਆਇਆ।
ਮੌਕੇ ਤੋਂ ਫਰਾਰ ਹੋਇਆ ਚਾਲਕ:ਕੁੜੀ ਨੂੰ ਜਾਨਲੇਵਾ ਟੱਕਰ ਮਾਰਨ ਤੋਂ ਮਗਰੋਂ ਥਾਰ ਚਾਲਕ ਨੇ ਮਦਦ ਕਰਨ ਦੀ ਕੋਈ ਕੋਸ਼ਿਸ਼ ਨਾ ਕਰਦਿਆਂ ਮੌਕੇ ਤੋਂ ਫਰਾਰ ਹੋਣਾ ਠੀਕ ਸਮਝਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁੜੀ ਨੂੰ ਟੱਕਰ ਮਾਰਨ ਵਾਲਾ ਚਾਲਕ ਤੇਜ਼ ਰਫ਼ਤਾਰ ਵਿੱਚ ਡਰਾਈਵ ਕਰਦਿਆਂ ਗਲਤ ਸਾਈਡ ਤੋਂ ਆ ਰਿਹਾ ਸੀ। ਹਾਦਸੇ ਤੋਂ ਮਗਰੋਂ ਲੜਕੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਲੜਕੀ ਫਿਲਾਹਾਲ ਖਤਰੇ ਤੋਂ ਬਾਹਰ ਹੈ ਪਰ ਲੜਕੀ ਦੇ ਸਿਰ ਉੱਤੇ ਗੰਭੀਰ ਸੱਟ ਲੱਗੀਆਂ ਹਨ ਜਿਸ ਤੋਂ ਬਾਅਦ ਸਿਰ ਉੱਤੇ ਟਾਂਕੇ ਲਗਾਏ ਗਏ ਹਨ।
ਯੂਪੀਐਸਸੀ ਦੀ ਤਿਆਰੀ: ਤੇਜਸਵਿਤਾ ਨੇ ਆਰਕੀਟੈਕਟ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਹ ਯੂਪੀਐਸਸੀ ਦੀ ਤਿਆਰੀ ਵਿੱਚ ਰੁੱਝੀ ਹੋਈ ਸੀ। ਉਹ ਰਾਤ ਨੂੰ ਆਪਣੀ ਮਾਂ ਨਾਲ ਫਰਨੀਚਰ ਮਾਰਕੀਟ ਆਵਾਰਾ ਕੁੱਤਿਆਂ ਨੂੰ ਰੋਟੀ ਦੇਣ ਲਈ ਗਈ ਸੀ । ਸ਼ਨੀਵਾਰ ਰਾਤ ਵੀ ਉਹ ਆਪਣੀ ਮਾਂ ਮਨਜਿੰਦਰ ਕੌਰ ਨਾਲ ਬਾਜ਼ਾਰ ਗਈ ਸੀ।
ਨਹੀਂ ਕੀਤੀ ਕਿਸੇ ਨੇ ਮਦਦ: ਹਾਦਸੇ ਤੋਂ ਬਾਅਦ ਤੇਜਸਵਿਤਾ ਦੀ ਮਾਂ ਨੇ ਉਸ ਨੂੰ ਹਸਪਤਾਲ ਲਿਜਾਉਣ ਲਈ ਕਈ ਰਾਹਗੀਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਅੱਗੇ ਨਹੀਂ ਆਇਆ। ਪੁਲਿਸ ਨੇ ਇਸ ਹਿੱਟ ਐਂਡ ਰਨ ਮਾਮਲੇ ਵਿੱਚ ਅਣਪਛਾਤੇ ਕਾਰ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਦੀ ਮਦਦ ਨਾਲ ਅਣਪਛਾਤੇ ਮੁਲਜ਼ਮਾਂ ਦੀ ਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ:ਹਰਜੋਤ ਬੈਂਸ ਨੇ ਨੰਗਲ ਵਾਸੀਆਂ ਨੂੰ ਦਿੱਤਾ ਭਰੋਸਾ, ਕਿਹਾ- ਨਹੀਂ ਹੋਣ ਦਿੱਤਾ ਜਾਵੇਗਾ ਪੱਟੇਦਾਰਾਂ ਦਾ ਉਜਾੜਾ, ਬੀਬੀਐੱਮਬੀ ਨਹੀਂ ਕਰੇਗੀ ਕਿਸੇ ਵੀ ਲੀਜ਼ ਹੋਲਡਰ ਨੂੰ ਬੇਦਖ਼ਲ