'ਪੰਜਾਬ 'ਚ 'ਆਪ' ਨਾਲ ਮਿਲ ਕੇ ਲੋਕ ਸਭਾ ਚੋਣ ਨਹੀਂ ਲੜੇਗੀ ਕਾਂਗਰਸ' ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਆਗੂਆਂ ਦੀ ਮੀਟਿੰਗ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਇੰਚਾਰਜ ਅਤੇੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ। ਇਸ ਦੌਰਾਨ ਪੰਜਾਬ ਵਿੱਚ I.N.DI.A. ਗਠਜੋੜ (I N D I A Alliance) ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ ਦਿੱਤਾ ਹੈ।
ਨਹੀਂ ਹੋਵੇਗਾ ਪੰਜਾਬ ਵਿੱਚ ਗਠਜੋੜ:ਪੰਜਾਬ ਕਾਂਗਰਸ ਦੀ ਉੱਚ ਪੱਧਰੀ ਮੀਟਿੰਗ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ (Harish Chaudhary in charge of Punjab Congress) ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਇੱਕ ਵਾਰ ਫਿਰ I.N.DI.A. ਗਠਜੋੜ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਇਕਾਈ ਨੂੰ ਆਮ ਆਦਮੀ ਨਾਲ ਲੋਕ ਸਭਾ ਚੋਣਾਂ ਵਿੱਚ ਉਤਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ,ਇਸ ਲਈ ਗਠਜੋੜ ਵੀ ਨਹੀਂ ਹੋਵੇਗਾ। ਕਾਂਗਰਸ ਆਪਣੇ ਦਮ ਉੱਤੇ ਇਕੱਲਿਆਂ ਹੀ ਪੰਜਾਬ ਵਿੱਚ ਚੋਣ ਲੜੇਗੀ।
ਚੋਣਾਂ ਲਈ ਤਿਆਰ ਹੈ ਕਾਂਗਰਸ:ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ (Opposition leader Pratap Singh Bajwa) ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਰਾਸ਼ਟਰੀ ਅਤੇ ਸੂਬਾ ਪੱਧਰ 'ਤੇ ਸਰਕਾਰ ਨਾਲ ਲੜਨ ਲਈ ਤਿਆਰ ਹਾਂ। ਬਾਜਵਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦਾ ਹਮੇਸ਼ਾ ਹੱਕ ਮਾਰਿਆ ਹੈ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਜਦੋਂ ਤੱਕ ਭਾਰਤ ਦਾ ਪਾਕਿਸਤਾਨ ਨਾਲ ਵਪਾਰ ਨਹੀਂ ਖੁੱਲ੍ਹਦਾ ਉਦੋਂ ਤੱਕ ਦੋਵਾਂ ਮੁਲਕਾਂ ਦੀ ਤਰੱਕੀ ਸੰਭਵ ਨਹੀਂ ਹੈ,ਜੇਕਰ ਤੇਜ਼ੀ ਨਾਲ ਤਰੱਕੀ ਕਰਨੀ ਹੈ ਤਾਂ ਮੱਧ ਏਸ਼ੀਆ ਦਾ ਰਾਹ ਵਪਾਰ ਲਈ ਖੋਲ੍ਹਣਾ ਪਵੇਗਾ। ਬਾਜਵਾ ਮੁਤਾਬਿਕ ਉਹ ਕੌਮੀ ਪੱਧਰ ਉੱਤੇ ਲੋਕਾਂ ਨੂੰ ਇੱਕਜੁੱਟ ਕਰਨਗੇ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪ ਦੇ ਸਫਾਏ ਲਈ ਸੰਘਰਸ਼ ਕਰਨਗੇ।
ਪੰਜਾਬ ਸਰਕਾਰ ਉੱਤੇ ਨਿਸ਼ਾਨਾ: ਪ੍ਰਤਾਪ ਬਾਜਵਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਸੈਂਕੜੇ ਮੁਹੱਲਾ ਕਲੀਨਿਕ ਖੋਲ੍ਹ ਕੇ ਸਿਰਫ 1500 ਕਰੋੜ ਰੁਪਏ ਦੀ ਬਰਬਾਦੀ ਕੀਤੀ ਹੈ ਕਿਉਂਕਿ ਕੋਈ ਵੀ ਆਪ ਦਾ ਵਿਧਾਇਕ ਜਾਂ ਮੰਤਰੀ ਕਦੇ ਖੁੱਦ ਉੱਥੇ ਇਲਾਜ ਕਰਵਾਉਣ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਲੀਡਰ ਬਿਮਾਰ ਹੁੰਦਾ ਹੈ ਤਾਂ ਉਹ ਟਾਪ ਦੇ ਨਿੱਜੀ ਹਸਪਤਾਲ ਇਲਾਜ ਲਈ ਪਹੁੰਚਦੇ ਹਨ ਅਤੇ ਦੋ ਵਾਰ ਖੁੱਦ ਸੂਬੇ ਦੀ ਮੁੱਖ ਮੰਤਰੀ ਅਜਿਹਾ ਕਰ ਚੁੱਕੇ ਹਨ।