ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫ਼ਤ ਵਿਚੋਂ ਹਾਲੇ ਵੀ ਬਾਹਰ ਹੈ। ਪੁਲਿਸ ਤੋਂ ਬਚਣ ਲਈ ਅੰਮ੍ਰਿਤਪਾਲ ਵੱਲੋਂ ਵੱਖ-ਵੱਖ ਸ਼ਹਿਰ ਤੇ ਵੱਖ-ਵੱਖ ਭੇਸ ਬਦਲੇ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਇਆਂ ਨੂੰ ਅੱਜ 8ਵਾਂ ਦਿਨ ਹੈ ਤੇ ਇਨ੍ਹਾਂ 8 ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਨੇ ਵੱਖ-ਵੱਖ ਸ਼ਹਿਰ ਤੇ ਹੁਲੀਏ ਬਦਲੇ ਹਨ। ਈਟੀਵੀ ਭਾਰਤ ਦੀ ਇਸ ਖਾਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਕਿ ਅੰਮ੍ਰਿਤਪਾਲ ਨੇ ਪੁਲਿਸ ਤੋਂ ਬਚਣ ਲਈ ਹੁਣ ਤਕ ਕਿਸ ਸ਼ਹਿਰ, ਕਿਸ ਦਿਨ, ਕਿਹੜਾ ਹੁਲੀਆ ਬਦਲਿਆ ਹੈ।
ਦੁਬਈ ਤੋਂ ਪਰਤਦਿਆਂ ਬਾਣੇ ਵਿੱਚ ਆਇਆ ਅੰਮ੍ਰਿਤਪਾਲ ਸਿੰਘ :ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸਰਗਰਮ ਹੋਏ ਅੰਮ੍ਰਿਤਪਾਲ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਬਣਨ ਤੋਂ ਬਾਅਦ ਲਗਾਤਾਰ ਹੀ ਬਾਣੇ ਵਿਚ ਦੇਖਿਆ ਗਿਆ। ਗਰਮ ਵਿਚਾਰਧਾਰਾ ਤੇ ਤਿੱਖੇ ਸ਼ਬਦਾਂ ਕਾਰਨ ਹੀ ਅੰਮ੍ਰਿਤਪਾਲ ਸਿੰਘ ਚਰਚਾ ਵਿਚ ਆਇਆ। ਖਾਲਸਾ ਵਹੀਰ ਦੀ ਕਾਲ ਤੋਂ ਬਾਅਦ ਸ਼ਾਹਕੋਟ ਵਿਖੇ ਲੱਗੇ ਪੁਲਿਸ ਦੇ ਟ੍ਰੈਪ ਤੋਂ ਬਚਣ ਲਈ ਅੰਮ੍ਰਿਤਪਾਲ ਸਿੰਘ ਫਰਾਰ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਹੀ ਅੰਮ੍ਰਿਤਪਾਲ ਆਪਣਾ ਹੁਲੀਆ ਬਦਲ ਰਿਹਾ ਹੈ। ਇਸ ਸਬੰਧੀ ਕੁਝ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਘੁੰਮਦਾ ਦਿਸਿਆ ਹੈ।
ਹਰ ਸ਼ਹਿਰ ਵਿਚ ਵੱਖਰਾ ਭੇਸ ਬਣਾ ਕੇ ਘੁੰਮਦਾ ਰਿਹਾ ਅੰਮ੍ਰਿਤਪਾਲ :ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਹੁਣ ਤਕ ਜੋ ਜੋ ਸੀਸੀਟੀਵੀ ਫੁਜੇਟ ਜਾਂ ਫੋਟੋਆਂ ਸਾਹਮਣੇ ਆਈਆਂ ਹਨ, ਉਸ ਅਨੁਸਾਰ ਅੰਮ੍ਰਿਤਪਾਲ ਸਿੰਘ ਹਰ ਸ਼ਹਿਰ ਵੱਖਰਾ ਭੇਸ ਬਣਾ ਕੇ ਘੁੰਮ ਰਿਹਾ ਸੀ। ਸਭ ਤੋਂ ਪਹਿਲੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਇਕ ਪਲੈਟਿਨਾ ਮੋਟਰਸਾਈਕਲ ਦੇ ਪਿੱਛੇ ਬੈਠਾ ਦੇਖਿਆ ਗਿਆ। ਇਸ ਫੋਟੋ ਵਿਚ ਅੰਮ੍ਰਿਤਪਾਲ ਸਿੰਘ ਨੇ ਗੁਲਾਬੀ ਪੱਗ ਬੰਨ੍ਹੀ ਹੋਈ ਸੀ। ਫਿਰ ਦੂਜੀ ਫੋਟੋ ਵਿਚ ਅੰਮ੍ਰਿਤਪਾਲ ਸਿੰਘ ਇਕ ਰੇਹੜੀ ਉਤੇ ਦਿਸਿਆ। ਹਾਲਾਂਕਿ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਦੋਵਾਂ, ਮੋਟਰਸਾਈਕਲ ਤੇ ਜੁਗਾੜੂ ਰੇਹੜੀ ਨੂੰ ਬਰਾਮਦ ਕਰ ਲਿਆ ਸੀ।
ਖਬਰਾਂ ਹਨ ਕਿ ਕੱਲ੍ਹ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਹਰਿਆਣਾ ਤੇ ਅੱਜ ਹਰਿਆਣਾ ਤੋਂ ਦਿੱਲੀ ਫਰਾਰ ਹੋ ਗਿਆ। ਹਾਲਾਂਕਿ ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੈਮਰੇ ਸਾਹਮਣੇ ਆ ਕੇ ਪੁਸ਼ਟੀ ਨਹੀਂ ਕੀਤੀ। ਲੁਧਿਆਣਾ ਦੇ ਪੁਲਿਸ ਕਮਿਸ਼ਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਅੰਮ੍ਰਿਤਪਾਲ ਸਿੰਘ ਲੁਧਿਆਣਾ ਵਿਖੇ 40 ਤੋਂ 50 ਮਿੰਟ ਲੁਧਿਆਣਾ ਸ਼ਹਿਰ ਵਿਚ ਰਿਹਾ, ਪਰ ਰਾਤ ਸਮੇਂ ਉਹ ਬੱਸ ਵਿਚ ਹਰਿਆਣਾ ਚਲਾ ਗਿਆ। ਇਸ ਸਬੰਧੀ ਇਕ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਜੋ ਕਿ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ੇ ਦੀ ਦੱਸੀ ਜਾ ਰਹੀ ਹੈ।