ਚੰਡੀਗੜ੍ਹ ਡੈਸਕ :ਕੇਂਦਰੀ ਸੜਕੀ ਆਵਾਜਾਈ ਅਤੇ ਕੌਮੀ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਅੰਮ੍ਰਿਤਸਰ ਫੇਰੀ ਦੌਰਾਨ ਅਟਾਰੀ ਬਾਰਡਰ 'ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਇਆ ਹੈ। ਇਸਦੀ ਉਚਾਈ 418 ਫੁੱਟ ਹੈ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਵਿਸ਼ੇਸ਼ ਨਿਗਰਾਨੀ ਤਕਨੀਕ ਨਾਲ ਲੈਸ ਹੈ। ਇਸਦੇ ਉੱਪਰ ਇੱਕ ਸਿਸਟਮ ਲਗਾਇਆ ਗਿਆ ਹੈ, ਜੋ ਸਰਹੱਦ 'ਤੇ ਸਾਡੇ ਸੈਨਿਕਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇਗਾ।
ਇਸ ਤੋਂ ਪਹਿਲਾਂ ਵੀ ਲਗਾਇਆ ਸੀ ਝੰਡਾ :ਜ਼ਿਕਰਯੋਗ ਹੈ ਕਿ ਅਟਾਰੀ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਗੁਆਂਢੀ ਦੇਸ਼ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਹੁਣ ਗੋਲਡਨ ਗੇਟ ਦੇ ਸਾਹਮਣੇ 418 ਫੁੱਟ ਲੰਬੇ ਝੰਡੇ ਲਗਾਇਆ ਗਿਆ ਹੈ। ਇਸਦੀ ਕੀਮਤ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਸਹਿਯੋਗ ਨਾਲ 3.5 ਕਰੋੜ ਰੁਪਏ ਵਿੱਚ ਲਗਾਈ ਗਈ ਹੈ। ਇਹ ਵੀ ਯਾਦ ਰਹੇ ਕਿ ਕਰਨਾਟਕ ਦੇ ਬੇਲਗਾਮ 'ਚ ਦੇਸ਼ ਦਾ ਸਭ ਤੋਂ ਉੱਚਾ 360.8 ਫੁੱਟ ਦਾ ਝੰਡਾ ਲਹਿਰਾਇਆ ਗਿਆ ਸੀ।
ਦਿੱਲੀ-ਕੱਟੜਾ ਐਕਸਪ੍ਰੈੱਸਵੇਅ :ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਸੂਬੇ ਵਿੱਚ ਲਾਮਿਸਾਲ ਵਿਕਾਸ ਤੇ ਖ਼ੁਸ਼ਹਾਲੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ ਵਿੱਚ ਇਸ ਪ੍ਰਾਜੈਕਟ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਹੋਵੇਗਾ ਅਤੇ ਇਹ ਛੇਤੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਲਈ ਪਹਿਲਾਂ ਹੀ ਕੌਮੀ ਸ਼ਾਹਰਾਹ ਅਥਾਰਟੀ (ਐਨ.ਐਚ.ਏ.ਆਈ.) ਦਾ ਪੂਰਾ ਸਹਿਯੋਗ ਤੇ ਤਾਲਮੇਲ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਖਿੱਤੇ ਵਿੱਚ ਆਰਥਿਕ ਗਤੀਵਿਧੀ ਨੂੰ ਵੱਡਾ ਹੁਲਾਰਾ ਦੇਣ ਤੋਂ ਇਲਾਵਾ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।