ਚੰਡੀਗੜ੍ਹ: ਸਾਲ 2023 ਦੀ ਬਰਸਾਤ ਨੇ ਪੰਜਾਬ ਨੂੰ ਹੜ੍ਹ ਨਾਲ ਤਬਾਹੀ ਦੇ ਅਜਿਹੇ ਨਿਸ਼ਾਨ ਦਿੱਤੇ ਨੇ ਜੋ ਆਉਣ ਵਾਲੇ ਕਈ ਸਾਲਾਂ ਤੱਕ ਭਰਦੇ ਨਜ਼ਰ ਨਹੀਂ ਆਉਂਦੇ। ਇਸ ਦੌਰਾਨ ਮੀਡੀਆ ਰਿਪੋਰਟਾਂ ਮੁਤਾਬਿਕ ਸਾਹਮਣੇ ਆਇਆ ਹੈ ਕਿ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੜ੍ਹ ਨੇ ਜਿੱਥੇ 41 ਲੋਕਾਂ ਦੀ ਜਾਨ ਲੈ ਲਈ ਉੱਥੇ ਹੀ 1600 ਦੇ ਕਰੀਬ ਲੋਕਾਂ ਦੇ ਆਸ਼ੀਆਨੇ ਤਬਾਹ ਕਰ ਦਿੱਤੇ ਨੇ ਅਤੇ ਇਹ ਲੋਕ ਹੁਣ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਨੇ। ਪੰਜਾਬ ਦੇ ਜਿਹੜੇ 9 ਜ਼ਿਲ੍ਹਿਆਂ ਦੇ ਵੇਰਵਾ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਜ਼ਿਲ੍ਹਾ ਤਰਨਤਾਰਨ , ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਕਪੂਰਥਲਾ, ਪਟਿਆਲਾ, ਮੋਗਾ, ਲੁਧਿਆਣਾ, ਐਸਏਐਸ ਨਗਰ, ਜਲੰਧਰ, ਸੰਗਰੂਰ, ਐਸਬੀਐਸ ਨਗਰ, ਫਾਜ਼ਿਲਕਾ, ਗੁਰਦਾਸਪੁਰ, ਮਾਨਸਾ, ਬਠਿੰਡਾ ਅਤੇ ਪਠਾਨਕੋਟ ਸ਼ਾਮਿਲ ਹਨ।
ਪੰਜਾਬ 'ਚ ਹੜ੍ਹ ਦੌਰਾਨ 41 ਲੋਕਾਂ ਦੀ ਗਈ ਜਾਨ, ਸੈਂਕੜੇ ਹੜ੍ਹ ਪੀੜਤਾਂ ਨੇ ਰਾਹਤ ਕੈਂਪਾਂ 'ਚ ਲਈ ਪਨਾਹ
ਪੰਜਾਬ ਦੇ ਲਗਭਗ 9 ਜ਼ਿਲ੍ਹਿਆਂ ਦੇ ਤਾਜ਼ਾ ਅੰਕੜੇ ਮੀਡੀਆ ਰਿਪਰੋਟਾਂ ਰਾਹੀਂ ਸਾਹਮਣੇ ਆਇਆ ਨੇ। ਅੰਕੜਿਆਂ ਮੁਤਾਬਿਕ ਹੜ੍ਹ ਕਾਰਣ ਇਨ੍ਹਾਂ 9 ਜ਼ਿਲ੍ਹਿਆਂ ਵਿੱਚ 41 ਲੋਕਾਂ ਦੀ ਜਾਨ ਗਈ ਅਤੇ 1600 ਦੇ ਕਰੀਬ ਲੋਕਾਂ ਨੇ ਹੜ੍ਹ ਤੋਂ ਬਚਣ ਲਈ ਰਾਹਤ ਕੈਂਪਾਂ ਵਿੱਚ ਪਨਾਹ ਲਈ ਹੈ।
ਬਿਜਲੀ ਵਿਭਾਗ ਨੂੰ ਹੋਇਆ ਕਕਰੋੜਾਂ ਦਾ ਨੁਕਸਾਨ:ਇਸ ਤੋਂ ਇਲਾਵਾ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਾਵਰਕੌਮ ਨੂੰ ਹੋਏ ਨੁਕਸਾਨ ਦਾ ਵੀ ਵੇਰਵਾ ਦਿੱਤਾ ਹੈ। ਅੰਕੜਿਆਂ ਮੁਤਾਬਿਕ ਬਿਜਲੀ ਮਹਿਕਮੇ ਨੂੰ ਕਰੀਬ 16 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਵਿੱਚ ਉਖੜੇ ਖੰਭੇ, ਖਰਾਬ ਹੋਏ ਟਰਾਂਸਫਾਰਮਰ ਅਤੇ ਹੜ੍ਹਾਂ ਨਾਲ ਭਰੇ ਸਬਸਟੇਸ਼ਨ ਸ਼ਾਮਲ ਹਨ, ਜਿਸ ਨਾਲ ਉਪਕਰਨ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਸੂਬੇ ਭਰ ਵਿੱਚ 20, 66 ਕੇਵੀ ਸਬ ਸਟੇਸ਼ਨ ਪਾਣੀ ਵਿੱਚ ਡੁੱਬ ਗਏ, ਜਿਸ ਨਾਲ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ।
ਪਸ਼ੂਆਂ ਨੂੰ ਪਹੁੰਚਾਈ ਗਈ ਰਾਹਤ:ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੁੱਲ 2198 ਪਸ਼ੂਆਂ ਦਾ ਇਲਾਜ ਕੀਤਾ ਗਿਆ ਅਤੇ 7243 ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਹੈ। ਵਿਭਾਗ ਦੀਆਂ ਬਚਾਅ ਟੀਮਾਂ ਲੋੜਵੰਦ ਪਸ਼ੂਆਂ ਦੇ ਇਲਾਜ, ਫੀਡ ਸਪਲਾਈ, ਚਾਰਾ ਅਤੇ ਸਿਲੇਜ ਮੁਹੱਈਆ ਕਰਵਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰ ਰਹੀਆਂ ਹਨ। ਬੁਲਾਰੇ ਅਨੁਸਾਰ 458 ਰੈਪਿਡ ਰਿਸਪਾਂਸ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ ਵਿੱਚ 244 ਮੈਡੀਕਲ ਕੈਂਪ ਲਗਾਏ ਹਨ ਅਤੇ ਓ.ਪੀ.ਡੀਜ਼. ਦੀ ਕੁੱਲ ਗਿਣਤੀ 8531 ਹੈ।