ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਕੋਵਿਡ -19 ਫੈਲਣ ਦੇ ਵੱਡੇ ਪੱਧਰ ਉੱਤੇ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ। 15 ਤੋਂ ਵੱਧ ਕੋਰੋਨਾ ਵਾਇਰਸ ਮਾਮਲਿਆਂ ਵਾਲੀ ਕੋਈ ਵੀ ਜਗ੍ਹਾ ਨੂੰ ਰੈਡ ਜ਼ੋਨ ਮੰਨਿਆ ਜਾਵੇਗਾ। ਕੋਰੋਨਾ ਵਾਇਰਸ ਫੈਲਣ ਦੀ ਗੰਭੀਰਤਾ ਦੇ ਅਧਾਰ 'ਤੇ ਸਰਕਾਰ ਪੂਰੇ ਜ਼ੋਨ ਵਿੱਚ ਰੱਖੇ ਜ਼ਿਲ੍ਹਿਆਂ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕਰੇਗੀ।
ਇਹ 4 ਜ਼ਿਲ੍ਹੇ ਰੈਡ ਜ਼ੋਨ 'ਚ ਸ਼ਾਮਲ
ਇਸ ਪੈਰਾਮੀਟਰ ਦੇ ਅਨੁਸਾਰ ਸੂਬੇ ਦਾ ਐਸ.ਏ.ਐਸ.ਨਗਰ, ਜਲੰਧਰ, ਪਠਾਨਕੋਟ ਤੇ ਐਸ.ਬੀ.ਐਸ. ਨਗਰ ਜ਼ਿਲ੍ਹੇ ਰੈਡ ਜ਼ੋਨ ਵਿੱਚ ਆਉਂਦੇ ਹਨ, ਕਿਉਂਕਿ ਹਰੇਕ ਜ਼ਿਲ੍ਹੇ ਵਿੱਚ 15 ਤੋਂ ਵੱਧ ਮਾਮਲੇ ਕੋਵਿਡ -19 ਦੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਦੇ ਬੁਲਾਰੇ ਰਾਜੇਸ਼ ਭਾਸਕਰ ਨੇ ਦੱਸਿਆ ਕਿ, ਕੁੱਲ ਮਿਲਾ ਕੇ, ਰਾਜ ਦੇ 16 ਜ਼ਿਲ੍ਹੇ ਔਰੇਂਜ ਜ਼ੋਨ ਵਿੱਚ ਆਉਂਦੇ ਹਨ, ਜਦਕਿ 4 ਗ੍ਰੀਨ ਜ਼ੋਨ ਵਿੱਚ ਹਨ।
ਐਸ.ਏ.ਐੱਸ.ਨਗਰ ਵਿੱਚ ਸਭ ਤੋਂ ਵੱਧ 56 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਜਲੰਧਰ, ਪਠਾਨਕੋਟ ਅਤੇ ਐਸ.ਬੀ.ਐੱਸ. ਨਗਰ ਵਿੱਚ ਕੋਰੋਨਾ ਵਾਇਰਸ ਦੇ ਲੜੀਵਾਰ 25, 22 ਅਤੇ 19 ਮਾਮਲੇ ਹਨ। ਸਿਹਤ ਵਿਭਾਗ ਦੇ ਬੁਲਾਰੇ ਡੀ. ਰਾਜੇਸ਼ ਭਾਸਕਰ ਨੇ ਪੁਸ਼ਟੀ ਕੀਤੀ ਕਿ ਉਸ ਪੈਰਾਮੀਟਰ ਦੇ ਅਨੁਸਾਰ, ਸਿਰਫ਼ 4 ਜ਼ਿਲ੍ਹੇ ਰੈਡ ਜ਼ੋਨ ਵਿੱਚ ਆਉਂਦੇ ਹਨ।
ਹੋਰ ਚਾਰ ਜ਼ਿਲ੍ਹੇ- ਫਿਰੋਜ਼ਪੁਰ, ਫਾਜ਼ਿਲਕਾ, ਬਠਿੰਡਾ ਅਤੇ ਤਰਨ ਤਾਰਨ ਗ੍ਰੀਨ ਜ਼ੋਨ ਅਤੇ 16 ਔਂਰੇਜ ਜ਼ੋਨ ਵਿੱਚ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਹ ਅਭਿਆਸ ਕਰ ਚੁੱਕੀ ਹੈ ਅਤੇ 17 ਜ਼ਿਲ੍ਹਿਆਂ ਦੀ ਪਛਾਣ ਹੌਟਸਪੌਟਸ ਖੇਤਰਾਂ ਵਜੋਂ ਕਰ ਲਈ ਹੈ।