ਚੰਡੀਗੜ੍ਹ: ਡਰੱਗ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਦੇ ਸੰਕੇਤ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਹਾਈਕੋਰਟ ਵੱਲੋਂ ਖੋਲ੍ਹੇ ਗਏ ਨਸ਼ਿਆਂ ਨਾਲ ਸਬੰਧਤ 3 ਲਿਫਾਫੇ ਉਹਨਾਂ ਕੋਲ ਪਹੁੰਚ ਗਏ ਹਨ ਤੇ ਹੁਣ ਇਸ ਸਬੰਧੀ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜ੍ਹੋ:ULFA (I) VS SFJ On Amritpal: ਅੰਮ੍ਰਿਪਾਲ ਮੁੱਦੇ ਨੇ ਦੋ ਪਾਬੰਦੀਸ਼ੁਦਾ ਸੰਗਠਨਾਂ ਨੂੰ ਕੀਤਾ ਆਹਮੋ-ਸਾਹਮਣੇ !
ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ:ਮੁੱਖ ਮੰਤਰੀ ਮਾਨ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਕਿ ‘ਪੰਜਾਬ ਵਿੱਚ ਡਰੱਗ ਨਾਲ ਸੰਬੰਧਿਤ ਕਈ ਸਾਲਾਂ ਤੋਂ ਬੰਦ ਪਏ ਮਾਣਯੋਗ ਹਾਈਕੋਰਟ ਦੁਆਰਾ ਖੋਲੇ ਗਏ 3 ਲਿਫ਼ਾਫ਼ੇ ਮੇਰੇ ਕੋਲ ਪਹੁੰਚ ਗਏ ਹਨ। ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇਗੀ।
ਇਹ ਹੈ ਮਾਮਲਾ: ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਲ 2017 ਅਤੇ 2018 ਵਿੱਚ ਡਰੱਗ ਮਾਮਲੇ ਵਿੱਚ ਤਿਆਰ ਕੀਤੀ ਗਈ ਵਿਸ਼ੇਸ਼ ਜਾਂਚ ਰਿਪੋਰਟ 5 ਸਾਲਾਂ ਦੇ ਵਕਫ਼ੇ ਮਗਰੋਂ ਖੋਲ੍ਹੀ ਗਈ ਸੀ। ਜਸਟਿਸ ਗੁਰਮੀਤ ਸਿੰਘ ਸੰਧੇਵਾਲੀਆ ਅਤੇ ਜਸਟਿਸ ਹਰਪ੍ਰੀਤ ਕੌਰ ਜੀਵਾਲ ਦੇ ਬੈਂਚ ਨੇ ਐੱਸਆਈਟੀ ਦੀ ਰਿਪੋਰਟ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਇਹ ਖੁੱਲ੍ਹੀ ਰਿਪੋਰਟ ਮੁੱਖ ਮੰਤਰੀ ਮਾਨ ਤੱਕ ਪਹੁੰਚ ਗਈ ਹੈ ਅਤੇ ਸਰਕਾਰ ਜਲਦ ਹੀ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇਗੀ।
ਨਸ਼ਿਆਂ 'ਚ ਗਲਤਾਨ ਪੰਜਾਬ ਦੀ ਜਵਾਨੀ:ਪੰਜ ਦਰਿਆਵਾਂ ਦੀ ਧਰਤੀ ਨੂੰ ਅੱਜ ਦੇ ਸਮੇਂ 'ਚ ਨਸ਼ਿਆਂ ਦੇ ਛਵੇਂ ਦਰਿਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਿਉਂਕਿ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਇਸ ਕਦਰ ਗਲਤਾਨ ਹੋ ਗਈ ਹੈ ਕਿ ਨੌਜਵਾਨਾਂ ਨੂੰ ਨਾ ਤਾਂ ਰਿਸ਼ਤਿਆਂ-ਨਾਤਿਆਂ ਦੀ ਪਰਵਾਹ ਹੈ ਨਾ ਹੀ ਖੁਦ ਆਪਣੇ -ਆਪ ਦੀ ਕੋਈ ਚਿੰਤਾ ਹੈ। ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਕਈ ਨੌਜਵਾਨਾਂ ਨੂੰ ਸਵੇਰੇ ਉੱਠਦੇ ਸਾਰ ਹੀ ਕੋਈ ਨਾ ਕੋਈ ਨਸ਼ਾ ਚਾਹੀਦਾ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਨਸ਼ੇ ਤੋਂ ਬਿਨ੍ਹਾਂ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ। ਇੰਨ੍ਹਾਂ ਨਸ਼ਿਆਂ ਨੇ ਪੰਜਾਬ ਦੇ ਮੱਥੇ ਉੱਤੇ ਇੱਕ ਬਹੁਤ ਵੱਡਾ ਕਲੰਕ ਲਾ ਦਿੱਤਾ ਹੈ
ਕਦੋ ਹੋਵੇਗੀ ਕਾਰਵਾਈ: ਕਾਬਲੇਜ਼ਿਕਰ ਹੈ ਕਿ ਪੰਜਾਬ 'ਚ ਬਹੁਤ ਲੰਬੇ ਸਮੇਂ ਤੋਂ ਹਰ ਕੋਈ ਨਸ਼ਿਆਂ ਦੇ ਮੁੱਦੇ 'ਤੇ ਸਿਆਸਤ ਕਰ ਰਿਹਾ ਹੈ। ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਸਾਰੀਆਂ ਸਰਕਾਰਾਂ 'ਤੇ ਸਵਾਲ ਚੁੱਕੇ ਸਨ। ਆਮ ਆਦਮੀ ਪਾਰਟੀ ਨੇ ਵੀ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਕਿਸੇ ਨਸ਼ੇ ਦੇ ਵੱਡੇ ਸੋਦਾਗਰ 'ਤੇ ਕੋਈ ਕਾਰਵਾਈ ਨਹੀਂ ਹੋਈ। ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਮੁੱਦੇ 'ਤੇ ਵਾਰ ਘੇਰਿਆ ਹੈ ਕਿ ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ ਅਤੇ ਨਸ਼ਾ ਘੱਟ ਹੋਣ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ।ਅਕਸਰ ਹੀ ਨਸ਼ੇ 'ਚ ਚੂਰ ਮੁੰਡਿਆਂ ਅਤੇ ਕੁੜੀਆਂ ਦੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀ ਹਨ। ਸੋ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਮਾਨ ਵੱਲੋਂ ਖੁਦ ਖੁਲਾਸਾ ਕਰਨਗੇ ਕਿ ਇੰਨ੍ਹਾਂ ਬੰਦ ਲਿਫਾਫਿਆਂ ਵਿੱਚ ਕੀ ਹੈ ਅਤੇ ਕਿਹੜੇ ਵੱਡੇ ਮਗਰਮੱਛਾਂ ਉੱਤੇ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ:Smart Cabinet For Corona Patients: ਵਿਦਿਆਰਥੀਆਂ ਨੇ ਬਣਾਈ ਸਮਾਰਟ ਕੈਬਨਿਟ, ਕੋਰੋਨਾ ਪੀੜਤਾਂ ਲਈ ਇਸ ਤਰ੍ਹਾਂ ਕਰੇਗੀ ਕੰਮ