ਚੰਡੀਗੜ੍ਹ: ਚੰਡੀਗੜ੍ਹ 'ਚ ਹਿਮਾਚਲ ਦੀ ਰਹਿਣ ਵਾਲੀ ਇਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਨੇ ਇਕ ਸੈਲੂਨ ਦੇ ਕਰਮਚਾਰੀ ਉੱਤੇ ਇਲਜ਼ਾਮ ਲਗਾਏ ਹਨ ਕਿ ਉਸਨੇ ਉਸਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚੀਆਂ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ ਸੀ। ਲੜਕੀ ਨੇ ਗਰਭਪਾਤ ਕਰਵਾਉਣ ਦੇ ਵੀ ਇਲਜ਼ਾਮ ਲਗਾਏ ਹਨ। ਫਿਲਹਾਲ ਕੁੜੀ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਦੇ ਸੈਕਟਰ-19 ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗਰਭਵਤੀ ਹੋਈ ਤਾਂ ਕੁੜੀ ਨਾਲ ਕੀਤੀ ਕੁੱਟਮਾਰ:22 ਸਾਲਾ ਪੀੜਤ ਕੁੜੀ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਹ ਚੰਡੀਗੜ੍ਹ ਦੇ ਇਕ ਸੈਲੂਨ ਵਿੱਚ ਕੰਮ ਕਰਦੀ ਹੈ। ਇੱਥੇ ਸੈਲੂਨ ਦੇ ਕਰਮਚਾਰੀ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਵੀ ਖਿੱਚੀਆਂ। ਉਸ ਨੇ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਕੁੜੀ ਨੇ ਬਿਆਨ ਦਿੱਤਾ ਹੈ ਕਿ ਨਵੰਬਰ 2021 ਵਿੱਚ ਉਸਦੀ ਮੁਲਾਕਾਤ ਇਸ ਵਿਅਕਤੀ ਨਾਲ ਹੋਈ ਸੀ ਅਤੇ ਸੈਲੂਨ ਵਿੱਚ ਕੰਮ ਕਰਨ ਕਰਕੇ ਮੁਲਜ਼ਮ ਉਸਨੂੰ ਵਟਸਐਪ 'ਤੇ ਕਾਲ ਕਰਦਾ ਸੀ। ਇਕ ਦਿਨ ਉਹ ਉਸ ਨੂੰ ਆਪਣੀ ਕਾਰ ਵਿਚ ਇਕ ਹੋਟਲ ਵਿਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।