ਪੰਜਾਬ

punjab

ETV Bharat / state

ਨਸ਼ਾ ਤਸਕਰੀ ਮਾਮਲੇ 'ਚ 2 ਫ਼ੌਜੀ ਜਵਾਨਾਂ ਸਮੇਤ 4 ਹੋਰ ਦੀ ਗ੍ਰਿਫ਼ਤਾਰੀ - 2 bsf jawan arrested

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਪੰਜਾਬ ਪੁਲਿਸ ਨੇ 2 ਫੌਜੀ ਜਵਾਨਾਂ ਸਮੇਤ ਉਨ੍ਹਾਂ ਦੇ ਸਾਥੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 42.30 ਲੱਖ ਰੁਪਏ ਦੀ ਰਾਸ਼ੀ, ਕਈ ਹਥਿਆਰ ਅਤੇ 42 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ।

ਨਸ਼ਾ ਤਸਕਰੀ ਮਾਮਲੇ 'ਚ 2 ਫ਼ੌਜੀ ਜਵਾਨਾਂ ਸਮੇਤ 4 ਹੋਰ ਦੀ ਗ੍ਰਿਫ਼ਤਾਰੀ
ਨਸ਼ਾ ਤਸਕਰੀ ਮਾਮਲੇ 'ਚ 2 ਫ਼ੌਜੀ ਜਵਾਨਾਂ ਸਮੇਤ 4 ਹੋਰ ਦੀ ਗ੍ਰਿਫ਼ਤਾਰੀ

By

Published : Jul 20, 2020, 9:48 PM IST

ਚੰਡੀਗੜ੍ਹ: ਨਸ਼ਾ ਤਸਕਰਾਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਇੱਕ ਹੋਰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਪੰਜਾਬ ਪੁਲਿਸ ਨੇ ਬੀਐੱਸਐੱਫ਼ ਦੇ ਇੱਕ ਜਵਾਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਇਸੇ ਸਬੰਧ ਵਿੱਚ ਪਿਛਲੇ ਹਫ਼ਤੇ ਵੀ ਪੰਜਾਬ ਪੁਲਿਸ ਨੇ ਇੱਕ ਫ਼ੌਜੀ ਜਵਾਨ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਬੀਐੱਸਐੱਫ਼ ਦੇ ਦੋ ਜਵਾਨ ਕਾਬੂ

ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਨੇ 8 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਬੂ ਕੀਤਾ ਹੈ ਅਤੇ ਪੁਲਿਸ ਵੱਲੋਂ ਪੈਸੇ ਦੇ ਵੱਡੇ ਲੈਣ-ਦੇਣ ਦੀ ਜਾਂਚ ਦੀ ਪੈਰਵੀ ਕਰਨ ਵਿੱਚ ਵੀ ਸਰਗਰਮ ਹੈ।

ਗ੍ਰਿਫ਼ਤਾਰੀਆਂ ਦਾ ਵੇਰਵਾ ਦਿੰਦਿਆਂ ਹੋਏ ਡੀਜੀਪੀ ਨੇ ਦੱਸਿਆ ਕਿ ਜਲੰਧਰ ਪੁਲਿਸ ਵੱਲੋਂ ਕੁੱਝ ਦਿਨ ਪਹਿਲਾਂ ਬੀਐੱਸਐੱਫ਼ ਦੇ ਜਵਾਨ ਸੁਮਿਤ ਕੁਮਾਰ ਨੂੰ ਨਸ਼ਾ ਤਸਕਰੀ ਕਰਦਿਆਂ ਕਾਬੂ ਕੀਤਾ ਗਿਆ ਸੀ। ਉਸੇ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਭਾਰਤੀ ਫ਼ੌਜ ਦੇ ਇੱਕ ਹੋਰ ਜਵਾਨ ਰਮਨਦੀਪ ਸਿੰਘ ਨੂੰ ਯੂ.ਪੀ ਦੇ ਬਰੇਲੀ ਤੋਂ ਕਾਬੂ ਕੀਤਾ ਹੈ।

ਰਮਨਦੀਪ ਦੇ ਹੋਰ ਸਾਥੀ ਵੀ ਕਾਬੂ

ਪੰਜਾਬ ਪੁਲਿਸ ਨੇ ਰਮਨਦੀਪ ਦੇ ਤਿੰਨ ਸਾਥੀ ਤਰਨਜੋਤ ਸਿੰਘ ਉਰਫ਼ ਤੰਨਾ, ਜਗਜੀਤ ਸਿੰਘ ਉਰਫ਼ ਲਾਡੀ ਅਤੇ ਸਤਿੰਦਰ ਸਿੰਘ ਉਰਫ਼ ਕਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾ ਰਿਹਾ ਹੈ। ਪੁਲਿਸ ਨੇ ਕਾਲੇ ਕੋਲੋਂ ਨਸ਼ੇ ਦੀ ਰਕਮ ਵਜੋਂ 10 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਕੁੱਲ 42.30 ਲੱਖ ਰੁਪਏ ਦੀ ਰਾਸ਼ੀ ਜ਼ਬਤ ਕੀਤੀ ਹੈ।

ਸੁਮਿਤ ਤੇ ਰਮਨਦੀਪ ਇੱਕੋ ਪਿੰਡ ਦੇ ਵਾਸੀ

ਪੰਜਾਬ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਬੀ.ਐੱਸ.ਐੱਫ਼ ਦੇ ਕਾਬੂ ਕੀਤੇ ਜਵਾਨ ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਮਗਰ ਮੁੰਡੀਆਂ, ਥਾਣਾ ਦੋਰਾਂਗਲਾ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਸ ਨੇ ਇਹ ਵੀ ਦੱਸਿਆ ਕਿ ਰਮਨਦੀਪ ਵੀ ਇਸੇ ਪਿੰਡ ਦਾ ਵਾਸੀ ਹੈ। ਇਹ ਦੋਵੇਂ ਆਪਣੇ ਪਿੰਡ ਵਿਚ ਕਤਲ ਕਰਨ ਤੋਂ ਬਾਅਦ ਗੁਰਦਾਸਪੁਰ ਜੇਲ੍ਹ ਵਿੱਚ ਇਕੱਠੇ ਬੰਦ ਸਨ। ਸੁਮਿਤ ਕੁਮਾਰ 4.1.2018 ਨੂੰ ਅਤੇ ਰਮਨਦੀਪ ਸਿੰਘ 14.9.2019 ਨੂੰ ਜ਼ਮਾਨਤ ਉੱਤੇ ਬਾਹਰ ਆਏ ਸਨ।

ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਰੈਕੇਟ

ਡੀਜੀਪੀ ਮੁਤਾਬਕ ਰਮਨਦੀਪ, ਆਪਣੇ ਸਾਥੀਆਂ ਸਮੇਤ ਸਾਜ਼ਿਸ਼ ਰਚਕੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਰੈਕੇਟ ਚਲਾ ਰਿਹਾ ਸੀ। ਰਮਨ ਦਾ ਸਾਥੀ ਕਾਲਾ, ਕੁੱਝ ਸਮੇਂ ਲਈ, ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ, ਜਿੱਥੇ ਉਹ ਇਕ ਪਾਕਿਸਤਾਨੀ ਨਾਗਰਿਕ ਮੌਲਵੀ ਉਰਫ਼ ਮੁੱਲਾ ਦੇ ਸੰਪਰਕ ਵਿੱਚ ਆਇਆ। ਮੁੱਲਾਂ ਨੇ ਉਸ ਦੀ ਪਾਕਿਸਤਾਨੀ ਤਸਕਰਾਂ ਨਾਲ ਜਾਣ-ਪਛਾਣ ਕਰਵਾਈ। ਜਦਕਿ ਸਤਿੰਦਰ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਕਪੂਰਥਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿਥੇ ਉਹ ਤਰਨਜੋਤ ਸਿੰਘ ਉਰਫ ਤੰਨਾ ਦੇ ਸੰਪਰਕ ਵਿੱਚ ਆਇਆ।

ਗਿਰੋਹ ਦੇ ਕੰਮਕਾਜ 'ਤੇ ਚਾਨਣਾ

ਡੀਜੀਪੀ ਨੇ ਦੱਸਿਆ ਕਿ ਸੁਮਿਤ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ, ਨਸ਼ਾ ਸਪਲਾਈ ਕਰਨ ਵਾਲੀਆਂ ਥਾਵਾਂ ਅਤੇ ਹੋਰਾਂ ਸਥਾਨਾਂ ਦੀਆਂ ਤਸਵੀਰਾਂ ਤੰਨਾ ਅਤੇ ਕਾਲਾ ਨੂੰ ਭੇਜਦਾ ਸੀ। ਪਹਿਲਾਂ ਤੋਂ ਨਿਰਧਾਰਤ ਸਮੇਂ ਅਤੇ ਸਥਾਨ ਉੱਤੇ ਭਾਰਤ ਵਾਲੇ ਪਾਸਿਓਂ ਖੇਪ ਦੀ ਸਪੁਰਦਗੀ ਤੋਂ ਬਾਅਦ, ਤੰਨਾ ਦੇ ਤਿੰਨ ਹੋਰ ਸਾਥੀ ਇਸ ਨੂੰ ਸੁਮਿਤ ਕੋਲੋਂ ਇਕੱਤਰ ਕਰਦੇ ਸਨ। ਗੁਪਤਾ ਨੇ ਦੱਸਿਆ ਕਿ ਜਗਜੀਤ ਉਰਫ ਲਾਡੀ ਨਸ਼ਿਆਂ ਦੀਆਂ ਖੇਪਾਂ ਨੂੰ ਠਿਕਾਣੇ ਲਾਉਣ ਲਈ ਆਪਣੀ ਸਵਿਫਟ ਕਾਰ ਮੁਹੱਈਆ ਕਰਵਾਉਂਦਾ ਸੀ।

ਹੁਣ ਤੱਕ ਦੀ ਰਿਕਵਰੀ

ਪੰਜਾਬ ਪੁਲਿਸ ਨੇ ਹੁਣ ਤੱਕ ਮੁਲਜ਼ਮਾਂ ਕੋਲੋਂ 42 ਪੈਕੇਟ ਹੈਰੋਇਨ, 9 ਮਿ.ਮਿ ਦੀ ਵਿਦੇਸ਼ੀ ਪਿਸਤੌਲ, 80 ਜ਼ਿੰਦਾ ਕਾਰਤੂਸਾਂ, 12 ਬੋਰ ਬੰਦੂਕ ਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਨਸ਼ੇ ਦੀ ਆਮਦ ਦੀ 39 ਲੱਖ ਰੁਪਏ ਰਾਸ਼ੀ ਬਰਾਮਦ ਕੀਤੀ ਹੈ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 42.30 ਲੱਖ ਦੀ ਰਾਸ਼ੀ ਬਰਾਮਦ ਕੀਤੀ ਹੈ।

ABOUT THE AUTHOR

...view details