ਚੰਡੀਗੜ੍ਹ: ਉਮਰ ਕੈਦ ਦੀ ਸਜ਼ਾ ਕੱਟ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅਦਾਲਤ ਨੇ ਰਾਹਤ ਦਿੰਦੇ ਹੋਏ ਅੱਠ ਹਫ਼ਤਿਆਂ ਲਈ ਪੈਰੋਲ ਦਿੱਤੀ ਹੈ। ਦੱਸ ਦਈਏ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 1993 ਦੇ ਦਿੱਲੀ ਬੰਬ ਧਮਾਕੇ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ, ਜਿਹਨਾਂ ਨੂੰ 21 ਸਤੰਬਰ ਤੋਂ 17 ਨਵੰਬਰ ਤੱਕ ਦੀ ਪੈਰੋਲ ਮਿਲੀ ਹੈ। ਦਵਿੰਦਰਪਾਲ ਭੁੱਲਰ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿੱਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਦਿੱਲੀ ਬੰਬ ਧਮਾਕੇ ਮਾਮਲੇ ਵਿੱਚ ਪਹਿਲਾਂ ਹੋਈ ਸੀ ਫਾਂਸੀ ਦੀ ਸਜ਼ਾ: ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਪਿੰਡ ਦਿਆਲਪੁਰ ਭਾਈਕਾ ਦਾ ਵਸਨੀਕ ਹੈ। ਇਸ ਸਮੇਂ ਉਹ ਸੀ ਬਲਾਕ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਰਹਿੰਦਾ ਹੈ। ਪੈਰੋਲ ਦੌਰਾਨ ਉਹ ਇੱਥੇ ਰਹੇਗਾ। ਭੁੱਲਰ ਨੂੰ ਇਸ ਤੋਂ ਪਹਿਲਾਂ ਦਿੱਲੀ ਬੰਬ ਧਮਾਕੇ ਦੇ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਸਿੱਖ ਜਥੇਬੰਦੀਆਂ ਦੀ ਪਟੀਸ਼ਨ ਕਾਰਨ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ।
ਬੰਬ ਧਮਾਕੇ ਵਿੱਚ ਮਾਰੇ ਗਏ ਸਨ 9 ਲੋਕ:ਦੱਸ ਦਈਏ ਕਿ 11 ਸਤੰਬਰ, 1993 ਨੂੰ ਦਿੱਲੀ ਦੇ ਰਾਏਸੀਨਾ ਰੋਡ 'ਤੇ ਯੂਥ ਕਾਂਗਰਸ ਦੇ ਮੁੱਖ ਦਫ਼ਤਰ ਨੇੜੇ ਹੋਏ ਬੰਬ ਧਮਾਕੇ 'ਚ 9 ਲੋਕ ਮਾਰੇ ਗਏ ਸਨ ਅਤੇ 30 ਜ਼ਖਮੀ ਹੋ ਗਏ ਸਨ। ਇਹ ਧਮਾਕਾ ਯੂਥ ਕਾਂਗਰਸ ਦੇ ਤਤਕਾਲੀ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਜਰਮਨ ਨੇ ਕੀਤਾ ਸੀ ਭਾਰਤ ਹਵਾਲੇ: 29 ਅਗਸਤ 1991 ’ਚ ਚੰਡੀਗੜ੍ਹ ਵਿੱਚ ਐੱਸਐੱਸਪੀ ਸੁਮੇਧ ਸਿੰਘ ਸੈਣੀ ਦੀ ਕਾਰ ਨੂੰ ਉਡਾ ਦਿੱਤਾ ਗਿਆ। ਇਸ ਵਿੱਚ ਐੱਸਐੱਸਪੀ ਦਾ ਸੁਰੱਖਿਆ ਮੁਲਾਜ਼ਮ ਮਾਰਿਆ ਗਿਆ। ਇਸ ਵਿੱਚ ਭੁੱਲਰ ਦਾ ਨਾਂ ਵੀ ਸਾਹਮਣੇ ਆਇਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਭੁੱਲਰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕੱਟੜ ਸਮਰਥਕ ਸੀ। ਬੰਬ ਧਮਾਕੇ ਤੋਂ ਬਾਅਦ ਭੁੱਲਰ ਜਰਮਨੀ ਚਲਾ ਗਿਆ ਅਤੇ ਉਥੋਂ ਦੀ ਸਰਕਾਰ ਤੋਂ ਸਿਆਸੀ ਸ਼ਰਨ ਮੰਗੀ ਪਰ ਜਰਮਨ ਸਰਕਾਰ ਨੇ ਉਸ ਦੀ ਅਪੀਲ ਠੁਕਰਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ।
ਦਵਿੰਦਰਪਾਲ ਸਿੰਘ ਭੁੱਲਰ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ। ਉਸਦੇ ਪਿਤਾ ਪੰਜਾਬ ਦੇ ਆਡਿਟ ਵਿਭਾਗ ਵਿੱਚ ਇੱਕ ਸੈਕਸ਼ਨ ਅਫਸਰ ਸਨ ਅਤੇ ਮਾਂ ਪੰਜਾਬ ਪੇਂਡੂ ਵਿਕਾਸ ਵਿੱਚ ਇੱਕ ਸੁਪਰਵਾਈਜ਼ਰ ਸਨ।