ਚੰਡੀਗੜ੍ਹ :ਪੰਜਾਬ ਦੇ ਕੱਚੇ ਅਧਿਆਪਕਾਂ ਲਈ ਵੱਡੀ ਖਬਰ ਆਉਣ ਦੀ ਸੰਭਾਵਨਾ ਬਣ ਰਹੀ ਹੈ। ਇਸ ਮਹੀਨੇ ਕਰੀਬ 13 ਹਜ਼ਾਰ ਅਧਿਆਪਕਾਂ ਨੂੰ ਪੱਕਾ ਕੀਤਾ ਜਾਣ ਉੱਤੇ ਸਰਕਾਰ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹੈ ਇਸ ਮਹੀਨੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੇ ਕੋਈ 13 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸਨੂੰ ਲੈ ਕੇ ਸਾਰੇ ਅੜਿੱਕੇ ਦੂਰ ਕੀਤੇ ਜਾਣਗੇ। ਬੈਂਸ ਨੇ ਕਿਹਾ ਕਿ ਇਸ ਲਈ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਜਾਰੀ ਕੀਤੇ ਜਾਣਗੇ। ਇਹ ਵੀ ਯਾਦ ਰਹੇ ਕਿ ਕੱਚੇ ਅਧਿਆਪਕ ਲਗਾਤਾਰ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਕਈ ਵਾਰ ਲਾਠੀਚਾਰਜ ਵੀ ਹੋਇਆ ਹੈ। ਪਰ ਹੁਣ ਇਸ ਖਬਰ ਨਾਲ ਜਰੂਰ ਇਕ ਵਾਰ ਰਾਹਤ ਵਾਲੀ ਗੱਲ ਹੋ ਸਕਦੀ ਹੈ।
ਸਕੂਲਾਂ ਦਾ ਮਿਆਰ ਬਦਲਿਆ :ਬੈਂਸ ਵਲੋਂ ਕਿਹਾ ਗਿਆ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਅਕਤੂਬਰ-ਨਵੰਬਰ ਤੱਕ ਸਕੂਲਾਂ ਨੂੰ ਕਿਤਾਬਾਂ ਨਹੀਂ ਮਿਲਦੀਆਂ ਸਨ। ਇਸ ਤੋਂ ਇਲਾਵਾ ਬੱਚਿਆਂ ਲਈ ਵਰਦੀ ਦੇ ਪੈਸੇ ਵੀ ਦਸੰਬਰ ਮਹੀਨੇ ਤੱਕ ਬਹੁਤ ਮੁਸ਼ਕਿਲ ਨਾਲ ਮਿਲਦੇ ਸਨ। ਪਰ ਹੁਣ ਸਰਕਾਰ ਵਲੋਂ ਸਕੂਲਾਂ ਦਾ ਮਿਆਰ ਬਦਲਿਆ ਗਿਆ ਹੈ। ਹੁਣ ਸਕੂਲਾਂ ਵਿਚ ਸਹੂਲਤਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬਾ ਸਰਕਾਰ ਵਲੋਂ ਕਿਤਾਬਾਂ ਅਤੇ ਵਰਦੀਆਂ ਭੇਜ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਮਾਪਿਆਂ ਦੀ ਪਰੇਸ਼ਾਨੀ ਵੀ ਘਟੀ ਹੈ।