ਚੰਡੀਗੜ: ਮਾਝੇ ਦੇ ਵਿੱਚ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਵੱਲੋਂ ਤੇਜ਼ੀ ਨਾਲ ਪੜਤਾਲ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਪੁਲਿਸ ਨੇ ਇਸੇ ਦੇ ਅਧੀਨ ਕਾਰਵਾਈ ਕਰਦਿਆਂ ਸੋਮਵਾਰ ਨੂੰ ਹੋਰ 12 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ ਦੋ ਵਪਾਰੀ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਲੁਧਿਆਣਾ ਦੇ ਰਹਿਣ ਵਾਲੇ ਇੱਕ ਪੇਂਟ ਦਾ ਵਪਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਸ ਨੇ ਮੁੱਢਲੇ ਤੌਰ ’ਤੇ ਨਕਲੀ ਸ਼ਰਾਬ ਦੇ ਤਿੰਨ ਡਰੰਮ ਸਪਲਾਈ ਕੀਤੇ ਸਨ ਜਿਸ ਕਾਰਨ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ।
ਮੁੱਖ ਮੰਤਰੀ ਨੇ ਡੀ.ਜੀ.ਪੀ ਨੂੰ ਪੁਲਿਸ ਨੂੰ ਜੀਅ-ਜਾਨ ਨਾਲ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਨਿਰਦੇਸ਼ ਦਿੱਤੇ ਹਨ। ਇਸ ਦੇ ਲਈ ਕੈਪਟਨ ਨੇ ਪੁਲਿਸ ਨੂੰ ਪੂਰੀ ਤਾਕਤ ਨਾਲ ਪੜਤਾਲ ਵਿੱਚ ਜੁੱਟ ਜਾਣ ਦੇ ਨਿਰਦੇਸ਼ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ 2 ਅਗਸਤ ਨੂੰ ਐਲਾਨ ਕੀਤਾ ਸੀ ਕਿ ਇਸ ਮਾਮਲੇ ਵਿੱਚ ਕਾਬੂ ਵਿਅਕਤੀਆਂ ਅਤੇ ਸਸਪੈਂਡ ਕੀਤੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਮੈਜਿਸਟ੍ਰੇਟੀ ਜਾਂਚ ਵਿੱਚ ਸਾਰੇ ਸ਼ੱਕੀ ਵਿਅਕਤੀਆਂ ਅਤੇ ਛੇ ਪੁਲਿਸ ਤੇ ਸੱਤ ਕਰ ਤੇ ਆਬਕਾਰੀ ਅਫਸਰਾਂ ਦੀ ਭੂਮਿਕਾ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਡੀ.ਜੀ.ਪੀ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਕਾਬੂ ਵਿਅਕਤੀਆਂ ਦੀ ਗਿਣਤੀ 37 ਤੱਕ ਪਹੁੰਚ ਗਈ, ਜੋ ਕਿ ਸੂਬੇ ਵਿੱਚ ਨਕਲੀ ਸ਼ਰਾਬ ਦਾ ਰੈਕੇਟ ਚਲਾ ਰਹੇ ਸਨ। ਇਸ ਮਾਮਲੇ ਵਿੱਚ 8 ਹੋਰ ਪਛਾਣ ਕੀਤੇ ਗਏ ਦੋਸ਼ੀਆਂ ਦੀ ਪੂਰੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਲੁਧਿਆਣਾ ਨਿਵਾਸੀ ਇੱਕ ਪੇਂਟ ਦੀ ਦੁਕਾਨ ਦਾ ਮਾਲਕ ਰਾਜੇਸ਼ ਜੋਸ਼ੀ ਨਾਮੀ ਵਿਅਕਤੀ ਵੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇਸ ਮਾਮਲੇ ਵਿੱਚ ਮੌਤਾਂ ਦੀ ਗਿਣਤੀ 108 ਤੱਕ ਪਹੁੰਚ ਚੁੱਕੀ ਹੈ, ਜਿਸ ਵਿੱਚੋਂ 82 ਮੌਤਾਂ ਤਰਨ ਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿੱਚ 13-13 ਮੌਤਾਂ ਹੋਈਆਂ ਹਨ।
ਪਿਛਲੇ 24 ਘੰਟਿਆਂ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਵਿੱਚ ਮੋਗਾ ਦਾ ਰਵਿੰਦਰ ਸਿੰਘ ਆਨੰਦ ਵੀ ਸ਼ਾਮਲ ਹੈ। ਮਕੈਨੀਕਲ ਜੈਕ ਬਣਾਉਣ ਵਾਲੀ ਫੈਕਟਰੀ ਚਲਾਉਣ ਵਾਲੇ ਰਵਿੰਦਰ ਨੇ ਲੁਧਿਆਣਾ ਦੇ ਕਾਰੋਬਾਰੀ ਤੋਂ 11000 ਰੁਪਏ ਪ੍ਰਤੀ ਡਰੰਮ ਦੇ ਹਿਸਾਬ ਨਾਲ ਨਕਲੀ ਸ਼ਰਾਬ ਦੀਆਂ ਤਿੰਨ ਕੇਨਾਂ (ਹਰੇਕ 200 ਲਿਟਰ) ਖ਼ਰੀਦੀਆਂ ਸਨ। ਉਸ ਨੇ ਹਾਲ ਹੀ ਵਿੱਚ ਹੈਂਡ ਸੈਨੀਟਾਇਜ਼ਰ ਦਾ ਉਤਪਾਦਨ ਕਰਨ ਦੀ ਸ਼ੁਰੂਆਤ ਵੀ ਕੀਤੀ ਸੀ।