ਚੰਡੀਗੜ੍ਹ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਉਦੀ ਅਰਬ ਵਿੱਚ ਦੋ ਪੰਜਾਬੀਆਂ ਦੇ ਸਿਰ ਕਲਮ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਨਿੰਦਿਆ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਕੋਲੋਂ ਇਸ ਮਾਮਲੇ ਦੀ ਰਿਪੋਰਟ ਦੀ ਮੰਗ ਕਰਨਗੇ।
ਸਾਉਦੀ 'ਚ 2 ਪੰਜਾਬੀਆਂ ਦੇ ਸਿਰ ਕਲਮ ਕੀਤੇ ਜਾਣ ਦਾ ਮਾਮਲਾ, ਮੁੱਖ ਮੰਤਰੀ ਨੇ ਕੀਤੀ ਸਖ਼ਤ ਨਿਖੇਧੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਊਦੀ ਅਰਬ 'ਚ ਸਜ਼ਾ ਵਜੋਂ ਦੋ ਪੰਜਾਬੀਆਂ ਦੇ ਸਿਰ ਕਲਮ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ। ਇਨ੍ਹਾਂ ਦੋਹਾਂ ਪੰਜਾਬੀਆਂ ਉੱਤੇ ਆਪਣੇ ਇੱਕ ਸਾਥੀ ਨੂੰ ਮਾਰਨ ਦਾ ਦੋਸ਼ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਕੋਲੋਂ ਇਸ ਮਾਮਲੇ ਦੀ ਵਿਸਥਾਰਕ ਰਿਪੋਰਟ ਹਾਸਲ ਕਰਨਗੇ ਅਤੇ ਇਸ ਦੇ ਲਈ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਵਿੱਚ ਭਾਰਤੀ ਸਫ਼ਾਤਖ਼ਾਨੇ ਨੂੰ ਅਗਾਊਂ ਸੂਚਨਾ ਦਿੱਤੇ ਬਿਨ੍ਹਾਂ ਦੋਹਾਂ ਨੌਜਵਾਨਾਂ ਨੂੰ ਸਿਰ ਕਲਮ ਕੀਤੇ ਜਾਣ ਦੀ ਸਜ਼ਾ ਦਿੱਤੀ ਗਈ ਹੈ। ਜੇਕਰ ਕਿਸੇ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਮੁਹੱਈਆ ਨਹੀਂ ਕਰਵਾਈ ਗਈ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰਾਂ ਦੀਆਂ ਹੋਰ ਵਿਸ਼ਵ ਪੱਧਰ ਦੇ ਸੰਗਠਨਾਂ ਨੂੰ ਇਸ ਘਟਨਾ ਨੂੰ ਗੰਭੀਰਤਾ ਨਾਲ ਲਏ ਜਾਣ ਲਈ ਕਿਹਾ ਹੈ। ਉਨ੍ਹਾਂ ਨੇ ਮਾਨਵਤਾ ਦੇ ਵਿਰੁੱਧ ਚੱਲ ਰਹੇ ਗੈਰ ਕਾਨੂੰਨੀ ਅਮਲ ਦੇ ਸਬੰਧ ਵਿੱਚ ਵੀ ਸਾਊਦੀ ਅਰਬ ’ਤੇ ਦਬਾਅ ਪਾਉਣ ਲਈ ਆਖਿਆ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਅਜਿਹਿਆਂ ਘਟਨਾਵਾਂ ਮੁੜ ਨਾ ਵਾਪਰਨ ਅਤੇ ਇਨਸਾਫ਼ ਤੋਂ ਕੋਈ ਵੀ ਵਾਂਝਾ ਨਾ ਰਹਿ ਸਕੇ।
ਕੀ ਹੈ ਮਾਮਲਾ :
ਸਾਊਦੀ ਅਰਬ ਵਿੱਚ ਦੋ ਪੰਜਾਬੀਆਂ ਵੱਲੋਂ ਆਪਣੇ ਇੱਕ ਸਾਥੀ ਨੂੰ ਮਾਰਨ ਦੇ ਮਾਮਲੇ ਵਿੱਚ ਸਾਊਦੀ ਅਰਬ ਦੀ ਸਰਕਾਰ ਨੇ ਸਜ਼ਾ ਵਜੋਂ 26 ਫ਼ਰਵਰੀ ਨੂੰ ਦੋਹਾਂ ਦੇ ਸਿਰ ਕਲਮ ਕਰ ਦਿੱਤੇ ਸਨ, ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੂੰ ਦਿੱਤੀ ਗਈ। ਦੋਹਾਂ ਦੇ ਪਰਿਵਾਰ ਦੀ ਹਾਲਤ ਤਰਸਯੋਗ ਹੈ, ਪਰਿਵਾਰ ਵਾਲੇ ਇਨਸਾਫ਼ ਦੀ ਮੰਗ ਰਹੇ ਹਨ ਤੇ ਉਨ੍ਹਾਂ ਦੀ ਮੰਗ ਹੈ ਕਿ ਦੋਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ।