ਚੰਡੀਗੜ੍ਹ: ਕਿਸੇ ਵੇਲੇ ਪੰਜਾਬ ਵਜ਼ਾਰਤ ਦੇ ਮੋਹਰੀ ਲੀਡਰਾਂ ਵਿੱਚੋਂ ਗਿਣੇ ਜਾਂਦੇ ਨਵਜੋਤ ਸਿੰਘ ਸਿੱਧੂ ਅੱਜ ਮਹਿਜ਼ ਅੰਮ੍ਰਿਤਸਰ ਦੇ ਵਿਧਾਇਕ ਵਜੋਂ ਸੀਮਤ ਹੋ ਕੇ ਰਹੇ ਗਏ ਹਨ। ਬੇਸ਼ੱਕ ਨਵਜੋਤ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਬਿਨਾਂ ਕਿਸੇ ਇੰਤਜ਼ਾਰ ਇਹ ਅਸਤੀਫ਼ਾ ਮਨਜ਼ੂਰ ਵੀ ਕਰ ਲਿਆ ਗਿਆ ਹੈ ਪਰ ਪੰਜਾਬ ਸਰਕਾਰ ਦੀ ਅਧਿਕਾਰਕ ਵੈੱਬ ਸਾਈਟ 'ਤੇ ਨਵਜੋਤ ਸਿੱਧੂ ਅਜੇ ਵੀ ਬਿਜਲੀ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹਨ।
ਸਿੱਧੂ ਅਜੇ ਵੀ ਬਿਜਲੀ ਮੰਤਰੀ ! - chandigarh
ਨਵਜੋਤ ਸਿੰਘ ਸਿੱਧੂ ਨੇ ਆਪਣੇ ਕੈਬਿਨੇਟ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਨੂੰ ਬਿਨਾਂ ਦੇਰੀ ਵਿਖਾਏ ਕੈਪਟਨ ਅਮਰਿੰਦਰ ਸਿੰਘ ਅਤੇ ਗਵਰਨਰ ਨੇ ਇੰਝ ਸਵਿਕਾਰ ਕਰ ਲਿਆ ਜਿਵੇਂ ਉਹ ਉਡੀਕ ਹੀ ਕਰਦੇ ਹੋਣ ਕਿ ਕਦੋਂ ਅਸਤੀਫ਼ਾ ਆਵੇ ਤੇ ਉਹ ਮਨਜ਼ੂਰ ਕਰਨ ਪਰ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਅਜੇ ਵੀ ਸਿੱਧੂ ਪੰਜਾਬ ਵਜ਼ਾਰਤ ਦਾ ਹਿੱਸਾ ਹਨ।
ਪੰਜਾਬ ਦੀ ਅਧਿਕਾਰਕ ਵੈੱਬਸਾਇਟ www.punjab.gov.in 'ਤੇ ਨਵਜੋਤ ਸਿੰਘ ਅਜੇ ਵੀ ਬਿਜਲੀ ਮੰਤਰੀ ਦੇ ਅਹੁਦੇ 'ਤੇ ਤਾਇਨਾਤ ਹਨ। ਇਸ ਤੋਂ ਇੰਝ ਲੱਗਦਾ ਹੈ ਜਿਵੇਂ ਪੰਜਾਬ ਸਰਕਾਰ ਨੂੰ ਉਮੀਦ ਹੋਵੇ ਕਿ ਸਿੱਧੂ ਅਜੇ ਵੀ ਵਾਪਸ ਆ ਕੇ ਆਪਣਾ ਅਹੁਦਾ ਸੰਭਾਲ ਸਕਦਾ ਹੈ ਪਰ ਸਿੱਧੂ ਤਾਂ ਰੁੱਸੇ ਹੋਏ ਫੁੱਫੜ ਵਾਂਗ ਅਸਤੀਫ਼ਾ ਦੇ ਕੇ ਕਿਨਾਰੇ ਹੋ ਗਿਆ ਹੈ।
ਇਸ 'ਤੇ ਇੱਕ ਹੋਰ ਪੱਖ ਵਿਚਾਰਨ ਯੋਗ ਹੈ ਕਿ ਪੰਜਾਬ ਸਰਕਾਰ ਨੂੰ ਸਿੱਧੂ ਦਾ ਅਸਤੀਫ਼ਾ ਕਬੂਲ ਕਰਨ ਦਾ ਚਾਅ ਹੀ ਐਨਾ ਹੋ ਗਿਆ ਕਿ ਉਹ ਸਿੱਧੂ ਨੂੰ ਸਾਇਟ ਤੋਂ ਹਟਾਉਣਾ ਹੀ ਭੁੱਲ ਗਏ ਹਨ ਪਰ ਸਿੱਧੂ ਨੇ ਤਾਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੇ ਟੀਵਟਰ ਖਾਤੇ ਤੇ ਉਦੋਂ ਹੀ ਲਿਖ ਦਿੱਤਾ 'ਸਾਬਕਾ ਕੈਬਿਨੇਟ ਮੰਤਰੀ' ਇਸ ਤੋਂ ਇੰਝ ਲੱਗਦਾ ਹੈ ਜਿਵੇਂ ਸਿੱਧੂ ਨੇ ਤਾਂ ਜੱਟਾ ਆਲੀ ਅੜੀ ਕਰ ਲਈ ਹੋਵੇ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿੱਧੂ ਦਾ ਊਠ ਕਿਸ ਕਰਵਟ ਬਹਿੰਦਾ ਹੈ।