ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਚ ਅਕਾਲੀ ਦਲ ਦੇ ਵਫ਼ਦ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਵੜਿੰਗ ਵਿਰੁੱਧ ਜ਼ਬਰਦਸਤੀ ਰਿਸ਼ਵਤ ਦੇਣ ਦੇ ਸਬੂਤ ਦਿੱਤੇ ਹਨ। ਉਨ੍ਹਾਂ ਵੜਿੰਗ ਵਿਰੁੱਧ ਐੱਫ਼ਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਨ ਅਤੇ ਉਸ ਦੀ ਤੁਰੰਤ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ ਹੈ।
ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਅਕਾਲੀ ਦਲ ਦੇ ਵਫ਼ਦ ਨੇ ਇਸ ਸਬੰਧੀ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਕੋਲ ਇੱਕ ਵੀਡਿਓ ਸਬੂਤ ਵੀ ਪੇਸ਼ ਕੀਤਾ ਹੈ। ਅਕਾਲੀ ਵਫ਼ਦ ਨੇ ਦੱਸਿਆ ਕਿ ਵੜਿੰਗ ਨੇ ਸਿਰਫ ਚੋਣ ਜ਼ਾਬਤੇ ਦੀ ਹੀ ਉਲੰਘਣਾ ਨਹੀਂ ਕੀਤੀ ਸਗੋਂ ਲੋਕ ਪ੍ਰਤੀਨਿਧਤਾ ਐਕਟ 1950 ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 123 ਅਨੁਸਾਰ ਭ੍ਰਿਸ਼ਟ ਗਤੀਵਿਧੀਆਂ ਵਿਚ ਵੀ ਭਾਗ ਲਿਆ ਹੈ। ਜਿਸ ਨੂੰ ਵੇਖਦੇ ਹੋਏ ਕਾਂਗਰਸੀ ਉਮੀਦਵਾਰ ਵਿਰੁੱਧ ਢੁੱਕਵੇਂ ਕੇਸ ਦਰਜ ਕਰਕੇ ਉਸ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਣੀ ਚਾਹੀਦੀ ਹੈ।