ਗੁਰਦਾਸਪੁਰ: ਕਰਤਾਰਪੁਰ ਕੌਰੀਡੋਰ ਨੂੰ ਲੈ ਕੇ ਡੇਰਾ ਬਾਬਾ ਨਾਨਕ ਵਿੱਚ ਬਣਨ ਜਾ ਰਹੇ ਚੌਤਰਫਾ ਮੁੱਖ ਦਵਾਰ ਦਾ ਨੀਂਹ ਪੱਥਰ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਬਾਬਾ ਸੁਬੇਗ ਸਿੰਘ ਦੁਆਰਾ ਰੱਖਿਆ ਗਿਆ। ਇਸ ਮੌਕੇ ਰੰਧਾਵਾ ਨੇ ਆਪਣੇ ਵਿਰੋਧੀਆਂ 'ਤੇ ਸ਼ਬਦੀ ਹਮਲੇ ਵੀ ਕੀਤੇ ਅਤੇ ਕਰਤਾਰਪੁਰ ਕੌਰੀਡੋਰ ਦੇ ਸਾਰੇ ਕੰਮ ਅਕਤੂਬਰ ਤੱਕ ਮੁਕੰਲ ਹੋ ਜਾਣ ਬਾਰੇ ਦੱਸਿਆ।
ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਡੇਰਾ ਬਾਬਾ ਨਾਨਕ ਵਿੱਚ ਬਣਨ ਜਾ ਰਹੇ ਚੌਤਰਫਾ ਮੁੱਖ ਦਵਾਰਾਂ ਦੀ ਸੇਵਾ ਬਾਬਾ ਸੁਬੇਗ ਸਿੰਘ ਜੀ ਦੇ ਅਤੇ ਸੰਗਤ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਕੌਰੀਡੋਰ ਨੂੰ ਜਾਣ ਵਾਲੇ ਜਿੰਨ੍ਹੇ ਵੀ ਮੁੱਖ ਦਵਾਰ ਬਨਾਏ ਜਾਣਗੇ, ਉਨ੍ਹਾਂ ਦਾ ਨਾਂ ਧਾਰਮਿਕ ਸ਼ਖ਼ਸੀਅਤਾਂ ਦੇ ਨਾਂਅ ਉੱਤੇ ਰੱਖਿਆ ਜਾਵੇਗਾ।
ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਿੱਲ ਗਿਆ ਹੈ, ਜੋ ਕੁੱਝ ਵੀ ਬੋਲ ਦਿੰਦਾ ਹੈ। ਉਸ ਨੂੰ ਬੋਲਣ ਤੋਂ ਪਹਿਲਾਂ ਆਪਣੇ ਮੀਡੀਆ ਅਡਵਾਇਜ਼ਰ ਤੋਂ ਸਲਾਹ ਲੈਣੀ ਚਾਹੀਦੀ ਹੈ। ਰੰਧਾਵਾ ਨੇ ਕਿਹਾ ਕਿ ਸੁਖਬੀਰ ਦੇ ਅੰਦਰ ਹੰਕਾਰ ਬੋਲਦਾ ਹੈ ਕਰਤਾਰਪੁਰ ਕੋਰੀਡੋਰ ਦਾ ਨਕਸ਼ਾ ਤਾਂ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਹੀ ਜਾਰੀ ਕਰ ਚੁੱਕੇ ਹਨ। ਇਸ ਦੇ ਬਾਰੇ ਖ਼ਬਰਾਂ ਪਹਿਲਾਂ ਹੀ ਮੀਡੀਆ ਵਿੱਚ ਆ ਚੁੱਕਿਆ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ 'ਤੇ ਸ਼ਾਮਿਲ ਹੋਣ 'ਤੇ ਰੰਧਾਵਾ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੂੰ ਸੱਦਾ ਦੇ ਚੁਕੇ ਹਾਂ ਅਤੇ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਹ ਜਦੋਂ ਸੁਲਤਾਨਪੁਰ ਲੋਧੀ ਆਉਣਗੇ ਤਾਂ ਅਸੀ ਉਨ੍ਹਾਂ ਦਾ ਪੂਰਾ ਆਦਰ ਮਾਣ ਕਰਾਂਗੇ।