ਚੰਡੀਗੜ੍ਹ: ਸੂਬੇ 'ਚ ਪਲੇਨ ਪਲਾਸਟਿਕ ਅਤੇ ਨਾਨ-ਵੂਵਨ ਪਦਾਰਥਾਂ ਤੋਂ ਲਿਫ਼ਾਫੇ ਬਨਾਉਣ ਵਾਲੇ ਉਤਪਾਦਕਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਹੈ। ਨਾਨ-ਵੂਵਨ ਕੈਰੀ ਬੈਗ ਐਸੋਸੀਏਸ਼ਨ ਨੇ ਦਲੀਲ ਪੇਸ਼ ਕੀਤੀ ਹੈ ਕਿ ਨਾਨ-ਵੂਵਨ ਬੈਗ ਪਲਾਸਟਿਕ ਤੋਂ ਬਣੇ ਲਿਫ਼ਾਫੇ ਨਹੀਂ ਹਨ ਇਸ ਲਈ ਇਨ੍ਹਾਂ ਨੂੰ ਪਲਾਸਟਿਕ ਦੇ ਲਿਫ਼ਾਫੇ ਨਾ ਮੰਨਿਆ ਜਾਵੇ।
ਜ਼ਿਕਰਯੋਗ ਹੈ ਕਿ 2016 'ਚ ਸਰਕਾਰ ਵੱਲੋਂ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਗਏ ਸਨ। ਹੁਣ ਐਸੇਸੀਏਸ਼ਨ ਵੱਲੋਂ ਪਲਾਸਟਿਕ ਦੇ ਲਿਫ਼ਾਫਿਆਂ ਦੇ ਉਤਪਾਦਨ, ਵੰਡ, ਮੁੜ ਵਰਤੋਂ ਅਤੇ ਵਿਕਰੀ 'ਤੇ ਲਗਾਈ ਰੋਕ ਸਬੰਧੀ ਜਾਰੀ ਕੀਤੇ ਹੁਕਮਾਂ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਹੈ।
ਐਸੋਸੀਏਸ਼ਨ ਨੇ ਦਲੀਲੀ ਪੇਸ਼ ਕਰਦਿਆਂ ਕਿਹਾ ਹੈ ਕਿ ਨਾਨ-ਵੂਵਨ ਫੈਬਰਿਕ ਪੌਲੀਪ੍ਰੋਪਲੀਨ ਤੋਂ ਬਣਿਆ ਇੱਕ ਤਕਨੀਕੀ ਉਤਪਾਦ ਹੈ ਜੋ ਕਿ ਮੁੜ ਵਰਤੋਂ ਯੋਗ, ਨਾਨ- ਟਾਕਸਿਕ ਹੈ ਅਤੇ ਖਾਧ ਪਦਾਰਥਾਂ, ਦਵਾਈਆਂ ਤੇ ਪੀਣ ਵਾਲੇ ਪਾਣੀ ਨੂੰ ਰੱਖਣ ਲਈ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫ਼ਾਫਿਆਂ ਦਾ ਵਾਤਾਵਰਣ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਕਾਰਨ ਹੀ ਉਨ੍ਹਾਂ ਨੇ ਪਲਾਸਟਿਕ ਬੈਗ ਇਕਾਈਆਂ ਤੋਂ ਨਾਨ-ਵੂਵਨ ਬੈਗ ਉਤਪਾਦਨ ਵੱਲ ਰੁਖ਼ ਕੀਤਾ ਹੈ ਅਤੇ ਇਨ੍ਹਾਂ ਇਕਾਈਆਂ ਨੂੰ ਸਥਾਪਤ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਮੱਦੇਨਜ਼ਰ ਵੱਡਾ ਨਿਵੇਸ਼ ਕੀਤਾ ਗਿਆ ਹੈ। ਬ੍ਰਹਮ ਮਹਿੰਦਰਾ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰੇਗੀ।
ਇਹ ਵੀ ਪੜ੍ਹੋ- ਡੇਰਾ ਮੁਖੀ ਤੋਂ ਪੁੱਛਗਿਛ ਕਰੇਗੀ ਐੱਸਆਈਟੀ