ਚੰਡੀਗੜ੍ਹ: ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਨੂੰ ਠੱਲ ਪਾਉਣ ਲਈ ਛਾਪੇਮਾਰੀ ਨੂੰ ਜਾਰੀ ਰੱਖਦਿਆਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਟੀਮਾਂ ਨੇ ਮਿਲ ਕੇ ਮੰਗਲਵਾਰ ਸ਼ਾਮ ਨੂੰ 175 ਦੁਕਾਨਾਂ/ਗੋਦਾਮਾਂ 'ਤੇ ਛਾਪੇਮਾਰੀ ਕੀਤੀ ਜਿਸ ਤਹਿਤ ਪਲਾਸਟਿਕ ਕੈਰੀ ਬੈਗ (ਉਤਪਦਾਨ, ਵਰਤੋਂ ਤੇ ਨਿਪਟਾਰਾ) ਕੰਟਰੋਲ ਐਕਟ, 2005 ਮੁਤਾਬਕ ਉਲੰਘਣਾ ਦੇ 88 ਮਾਮਲੇ ਸਾਹਮਣੇ ਆਏ। ਇਸ ਸਬੰਧੀ ਸੂਚਨਾ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕੇ.ਐਸ. ਪੰਨੂ ਨੇ ਦਿੱਤੀ।
ਪੰਨੂ ਨੇ ਦੱਸਿਆ ਕਿ ਛਾਪੇਮਾਰੀ ਦੇ ਦੂਜੇ ਦਿਨ 3500 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਜਦੋਂ ਕਿ ਸ਼ਨੀਵਾਰ ਨੂੰ ਕੀਤੀ ਛਾਪੇਮਾਰੀ ਦੌਰਾਨ 4000 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ 82 ਚਲਾਨ ਜਾਰੀ ਕੀਤੇ ਗਏ ਅਤੇ ਮੌਕੇ 'ਤੇ ਹੀ ਲਗਭਗ 50,000 ਰੁਪਏ ਜ਼ੁਰਮਾਨੇ ਵਜੋਂ ਇੱਕਠੇ ਕੀਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਲੁਧਿਆਣਾ ਜ਼ਿਲੇ ਵਿੱਚੋਂ 1150 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਗਏ।