ਵੱਖ-ਵੱਖ ਸੂਬਿਆਂ 'ਚ ਅੱਜ 'ਭਾਰਤ ਵਪਾਰ ਬੰਦ' ਦਾ ਐਲਾਨ - punjab bandh
ਨਵੀਂ ਦਿੱਲੀ: ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਜਾਣ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿੱਚ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵਪਾਰੀਆਂ ਨੇ ਅੱਜ ਦੇਸ਼ ਭਰ ਵਿੱਚ 'ਭਾਰਤ ਵਪਾਰ ਬੰਦ' ਦਾ ਐਲਾਨ ਕੀਤਾ ਹੈ। ਬੰਦ ਦਾ ਐਲਾਨ ਵਪਾਰੀਆਂ ਦੇ ਮੁੱਖ ਸੰਗਠਨ 'ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼' (CAIT) ਨੇ ਕੀਤਾ ਹੈ।
CAIT ਨੇ ਬਿਆਨ ਵਿੱਚ ਕਿਹਾ ਕਿ ਬੰਦ ਦੌਰਾਨ ਸਾਰੀਆਂ ਥੋਕ ਅਤੇ ਖੁਦਰਾ ਬਾਜ਼ਾਰ ਬੰਦ ਰਹਿਣਗੇ। CAIT ਦੇ ਮਹਾ ਸਕੱਤਰ ਪ੍ਰਵੀਣ ਖੰਡੇਲਵਾਲ ਨੇ ਕਿਹਾ ਕਿ ਦਿੱਲੀ ਦੇ ਘੰਟਾਘਰ, ਚਾਂਦਨੀ ਚੌਂਕ 'ਤੇ ਦੁਪਹਿਰ ਨੂੰ ਵਪਾਰੀਆਂ ਵਲੋਂ ਵੱਡੀ ਸ਼ਰਧਾਂਜਲੀ ਸਭਾ ਹੋਵੇਗੀ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਪਾਕਿਸਤਾਨ ਤੇ ਚੀਨੀ ਸਮਾਨ ਦਾ ਪੁਤਲਾ ਸਾੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਵਪਾਰੀ ਸ਼ਹੀਦਾਂ ਦੇ ਪਰਿਵਾਰ ਦੀ ਮਦਦ ਲਈ ਪੈਸੇ ਵੀ ਇੱਕਠੇ ਕਰਨਗੇ ਜੋ ਸਿੱਧੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੇ ਜਾਣਗੇ। ਖੰਡੇਲਵਾਲ ਨੇ ਦੱਸਿਆ ਕਿ ਬੰਦ ਵਿੱਚ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਹੋਰ ਸੂਬੇ ਦੇ ਵਪਾਰੀ ਸ਼ਾਮਲ ਹਨ।