ਚੰਡੀਗੜ੍ਹ:'ਸਿੱਖ ਰੈਫ਼ਰੈਂਸ ਲਾਇਬ੍ਰੇਰੀ' ਦਾ ਵਿਵਾਦ ਵਧਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਹੁਣ 'ਯੂਨਾਇਟੇਡ ਸਿੱਖ ਮੂਵਮੈਂਟ' ਵੀ ਹਰਕਤ 'ਚ ਆਈ ਹੈ। ਜਥੇਬੰਦੀ ਦੇ ਮੁੱਖ ਆਗੂਆਂ ਵੱਲੋਂ ਪ੍ਰੈਸ ਕਾਨਫ਼ਰੰਸ ਕਰ 'ਸਿੱਖ ਰੈਫ਼ਰੈਂਸ ਲਾਇਬ੍ਰੇਰੀ' ਦੇ ਦਸਤਾਵੇਜ਼ਾਂ ਨੂੰ ਲੈ ਕੇ ਕਈ ਅਹਿਮ ਖ਼ੁਲਾਸੇ ਕੀਤੇ ਗਏ।
ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ 'ਸਿੱਖ ਰੈਫਰੈਂਸ ਲਾਇਬ੍ਰੇਰੀ' ਦੇ ਸਾਰੇ ਦਸਤਾਵੇਜ਼ਾ ਨੂੰ ਵਾਪਸ ਕਰ ਦਿੱਤਾ ਸੀ ਪਰ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਸਮਾਨ ਵਾਪਸ ਨਹੀਂ ਮਿਲਿਆ।
'ਯੂਨਾਇਟੇਡ ਸਿੱਖ ਮੂਵਮੈਂਟ' ਦੇ ਮੂਖ ਆਗੂ ਚੰਨ੍ਹਣ ਸਿੰਘ ਨੇ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦਾ ਸਰਮਾਇਆ ਸਿੱਖਾਂ ਨੂੰ ਵਾਪਸ ਕਰਵਾਉਣ।।
ਚੰਨਣ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਮ ਸ਼ਿਕਾਇਤ ਦਿੱਤੀ ਗਈ ਹੈ ਤੇ ਉਨ੍ਹਾਂ ਇਸ ਸਬੰਧੀ 'ਚ ਐਫ.ਆਈ.ਆਰ ਰਜਿਸਟਰ ਕਰਨ ਦੀ ਵੀ ਮੰਗ ਕੀਤੀ ਹੈ। ਯੂਨਾਇਟੇਡ ਸਿੱਖ ਮੂਵਮੈਂਟ ਦੇ ਆਗੂਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈ ਕੋਰਟ ਜਾਣਗੇ।