ਚੰਡੀਗੜ੍ਹ :ਚੰਦਰਮਾ ਦੇ ਅਕਾਸ਼ੀ ਪੰਧ ਨੂੰ ਅਠਾਈ ਜਾਂ ਉਣੱਤੀ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਨਕਸ਼ਤਰ ਕਹਿੰਦੇ ਹਨ। ਇਸਨੂੰ ਨਕਸ਼ ਵੀ ਕਿਹਾ ਜਾਂਦਾ ਹੈ।
ਅਕਾਸ਼ੀ ਖਲਾਅ ਕਈ ਤਰ੍ਹਾਂ ਦੇ ਨਕਸ਼ ਅਰਥਾਤ ਸ਼ਕਲਾਂ ਇਖ਼ਤਿਆਰ ਕਰ ਲੈਂਦੇ ਹਨ, ਜਿਸ ਤੋਂ ਉਨ੍ਹਾਂ ਨਸ਼ੱਤਰਾਂ ਦੇ ਨਾਮ ਰੱਖ ਲਏ ਗਏ ਹਨ। ਇਸੇ ਤਰਾਂ ਸੂਰਜ ਦੀਆਂ ਬਾਰਾਂ ਰਾਸ਼ੀਆਂ ਹਨ, ਇਨ੍ਹਾਂ ਦੇ ਨਾਂ ਵੀ ਇਸੇ ਤਰ੍ਹਾਂ ਰੱਖੇ ਗਏ ਹਨ।
ਜਿਸ ਨੂੰ ਅਸੀਂ ਕੈਲੰਡਰ ਆਖਦੇ ਹਾਂ, ਅਸਲ ਵਿੱਚ ਉਹ ਸਮੇਂ ਨੂੰ ਮਾਪਣ ਵਾਲਾ ਨਿਯਮ ਹੈ। ਸਾਡੇ ਪੂਰਵਜਾਂ ਨੇ ਸਮੇਂ ਨੂੰ ਨਾਪਣ ਵਾਲਾ ਨਿਯਮ ਸੂਰਜ ਅਤੇ ਚੰਦਰਮਾਂ ਦੇ ਮੇਲ ਨਾਲ ਬਣਾਇਆ ਹੈ। ਬਾਣੀ ਵਿੱਚ ਅਨੇਕ ਥਾਵਾਂ ‘ਤੇ ਆਇਆ ਹੈ- ਸਸੀਅਰ ਕੈ ਘਰਿ ਸੂਰੁ ਸਮਾਵੈ।
ਪਸਰੀ ਕਿਰਣਿ ਰਸ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ।। ਇਸ ਦਾ ਅਰਥ ਹੈ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਦੇ ਪਸਾਰੇ ਨਾਲ ਕੰਵਲ ਫੁੱਲ ਖਿੜ੍ਹ ਗਏ ਹਨ ਉਵੇਂ ਹੀ ਮੇਰਾ ਸ਼ਾਂਤ ਚਿੱਤ ਮਸਤਕ ਦੇ ਪ੍ਰਕਾਸ਼ ਨਾਲ ਬਿਗਸ ਗਿਆ ਹੈ। ਭਾਰਤੀ ਪਰੰਪਰਾ ਵਿੱਚ ਚੰਦਰਮਾ ਮਨ ਦਾ ਪ੍ਰਤੀਕ ਹੈ ਤੇ ਸੂਰਜ ਨੂੰ ਮਸਤਕ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ਅਤੇ ਸੱਭਿਆਚਾਰ ਵਿੱਚ ਮਨ ਅਤੇ ਮਸਤਕ ਦਾ ਅਨੋਖਾ ਮਿਲਾਪ ਹੈ।
ਸੂਰਜ ਇੱਕ ਅੱਗ ਦਾ ਗੋਲ਼ਾ ਹੈ, ਜਿਸਦੀ ਧੁੱਪ ਤਿਖੇਰੀ 'ਤੇ ਸਾੜਨ ਵਾਲ਼ੀ ਹੁੰਦੀ ਹੈ। ਇਸਦੇ ਵਿਪਰੀਤ ਚੰਦਰਮਾ ਮਿੱਟੀ ਹੈ, ਪਰ ਸੂਰਜ ਦੀ ਰੌਸ਼ਨੀ ਜਦ ਚੰਦਰਮਾ ਨਾਲ ਟਕਰਾ ਕੇ, ਧਰਤੀ ਵੱਲ੍ਹ ਮੁੜਦੀ ਹੈ ਤਾਂ ਉਹ ਚਾਨਣੀ ਬਣ ਜਾਂਦੀ ਹੈ, ਜਿਸ ਦੀ ਤਾਸੀਰ ਸੀਤਲ ਹੁੰਦੀ ਹੈ। ‘ਸਸਿ ਘਰਿ ਸੂਰੁ ਸਮਾਇਆ’ ਦਾ ਇਹੋ ਭਾਵ ਹੈ। ਇਵੇਂ ਹੀ ਮਸਤਕ ਦਾ ਗਿਆਨ ਜਦ ਹਿਰਦੇ ‘ਚੋਂ ਲੰਘਦਾ ਹੈ ਤਾਂ ਉਸ ਦੀ ਪ੍ਰਕਿਰਤੀ ਨਿਰਮਲ ਅਤੇ ਸੀਤਲ ਹੋ ਜਾਂਦੀ ਹੈ।
ਇਸ ਪਰੰਪਰਾ ਮੁਤਾਬਕ ਭਾਰਤੀ ਕੈਲੰਡਰ ਵਿੱਚ ਵੀ ਸੂਰਜ ਅਤੇ ਚੰਦਰਮਾ ਦਾ ਮਿਲਾਪ ਕਰਵਾਇਆ ਗਿਆ ਹੈ। ਸੂਰਜ ਦੀ ਜਿਸ ਰਾਸ਼ੀ ਦੌਰਾਨ ਆਉਣ ਵਾਲ਼ੀ ਪੂਰਨਮਾਸ਼ੀ ਨੂੰ, ਚੰਦਰਮਾਂ ਜਿਸ ਨਕਸ਼ੱਤਰ ਵਿੱਚ ਹੁੰਦਾ ਹੈ, ਉਸ ਮਹੀਨੇ ਦਾ ਨਾਮ ਵੀ ਉਸੇ ਨਕਸ਼ੱਤਰ ਵਾਲਾ ਹੁੰਦਾ ਹੈ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਵੈਸਾਖ ਨਕਸ਼ੱਤਰ ਵਿੱਚ ਹੁੰਦਾ ਹੈ, ਇਸ ਲਈ ਇਸ ਮਹੀਨੇ ਦਾ ਨਾਂ ਵੈਸਾਖ ਹੈ।
ਵੈਸਾਖ ਦਾ ਅਰਥ ਹੈ ਮਧਾਣੀ, ਜਿਸਤੋਂ ਸਾਡੇ ਮਨ ਵਿੱਚ ਰਿੜਕਣ ਦਾ ਦ੍ਰਿਸ਼ ਸਾਕਾਰ ਹੁੰਦਾ ਹੈ। ਰਿੜਕਣ ਨਾਲ ਕਿਸੇ ਵੀ ਸ਼ੈ ਦਾ ਤੱਤਸਾਰ ਜਾਂ ਤਸੱਵਰ ਸਾਡੇ ਸਨਮੁਖ ਹੋ ਜਾਂਦਾ ਹੈ। ਇੱਕ ਸਮੇਂ ਵਿੱਚ ਦੇਵਤਾਵਾਂ 'ਤੇ ਰਾਕਸ਼ਾਂ ਨੇ ਮਿਲ ਕੇ ਖੀਰਸਾਗਰ ਨੂੰ ਰਿੜਕ ਲਿਆ ਸੀ, ਜਿਸ ਵਿੱਚੋਂ ਚੌਦਾਂ ਰਤਨ ਨਿਕਲੇ ਸਨ, ਜਿਨ੍ਹਾਂ ਵਿੱਚ ਸ਼ਿਰੋਮਣੀ ਰਤਨ ਅੰਮ੍ਰਿਤ ਸੀ।