ਨਵੀਂ ਦਿੱਲੀ: ਲਹਿੰਦੇ ਪੰਜਾਬ ਵਿੱਚ ਗੁਰੂ ਨਾਨਕ ਦਰਬਾਰ ਨਾਂਅ ਦੀ ਇਤਿਹਾਸਕ ਇਮਾਰਤ ਢਾਹ ਦੇਣ ਦੀ ਖ਼ਬਰ ਹੈ। ਇਸ ਚਾਰ ਮੰਜ਼ਲਾ ਇਮਾਰਤ ਦੀਆਂ ਕੰਧਾਂ 'ਤੇ ਗੁਰੂ ਨਾਨਕ ਦੇਵ ਜੀ ਅਤੇ ਵੱਖ-ਵੱਖ ਰਾਜਿਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸਨ।
ਪਾਕਿਸਤਾਨ ਵਿੱਚ ਉੱਚਾ ਦਰ ਬਾਬੇ ਨਾਨਕ' ਦਾ ਢਾਹਿਆ ਗਿਆ ਲਾਹੌਰ ਤੋਂ ਤਕਰੀਬਨ 100 ਕਿਲੋਮੀਟਰ ਦੂਰ ਨਾਰੋਵਾਲ ਜ਼ਿਲ੍ਹੇ ਵਿੱਚ ਬਣੇ ਹੋਏ ਪੈਲੇਸ ਆਫ਼ ਗੁਰੂ ਨਾਨਕ ਦੇਵ ਜੀ ਢਾਹ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਉਹੀ ਜ਼ਿਲ੍ਹਾ ਹੈ ਜਿੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਬਣਿਆ ਹੋਇਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ ਓਕਾਫ਼ ਬੋਰਡ ਅਧੀਨ ਆਉਂਦੀ ਹੈ। ਪ੍ਰਸ਼ਾਸਨ ਦੀ ਅਣਗਿਹਲੀ ਕਰਕੇ ਕੁਝ ਅਣਪਛਾਤੇ ਲੋਕਾਂ ਨੇ ਇਸ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ ਅਤੇ ਇਸ ਦੇ ਬੇਸ਼ਕੀਮਤੀ ਬੂਹੇ ਬਾਰੀਆਂ ਨੂੰ ਵੀ ਵੇਚ ਦਿੱਤਾ।
ਇਸ ਇਤਿਹਾਸਕ ਇਮਾਰਤ ਨੂੰ ਵੇਖਣ ਲਈ ਸਿੱਖ ਸੰਗਤ ਪੂਰੀ ਦੁਨੀਆਂ ਤੋਂ ਇੱਥੇ ਪੰਹੁਚਦੀ ਸੀ। ਸਥਾਨਕ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਾਹਿਦ ਅਸਗਰ ਨੇ ਦੱਸਿਆ ਕਿ ਇਸ ਇਮਾਰਤ ਦੇ ਵੇਰਵੇ ਮਾਲ ਵਿਭਾਗ ਕੋਲ ਦਰਜ ਨਹੀਂ ਹਨ ਅਤੇ ਰਿਕਾਰਡ ਮੁਤਾਬਕ ਇਹ ਕੋਈ ਇਤਿਹਾਸਕ ਇਮਾਰਤ ਵੀ ਨਹੀਂ ਹੈ ਪਰ ਉਹ ਰਿਕਾਰਡ ਜਾਂਚ ਰਹੇ ਹਨ।
ਦਿੱਲੀ ਸ਼੍ਰੋਮਣੀ ਗੁਰੁਦਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਭਰੋਸਾ ਦੇਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਮਨਾਉਣ ਸਬੰਧੀ ਸੰਜ਼ੀਦਾ ਹੈ ਅਤੇ ਸੰਗਤ ਦੀ ਸੁਰੱਖਿਆ ਕਰਨ ਵਿੱਚ ਸਮਰਥ ਹੈ।
ਜ਼ਿਕਰ ਕਰ ਦਈਏ ਕਿ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਇਤਿਹਾਸਕ ਥਾਵਾਂ ਨੂੰ ਉੱਚਾ ਦਰ ਬਾਬੇ ਨਾਨਕ ਦਾ ਕਿਹਾ ਜਾਂਦਾ ਹੈ।