ਨਵੀਂ ਦਿੱਲੀ:ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਜੂਨ 1984 'ਚ ਹੋਏ 'ਸਾਕਾ ਨੀਲਾ ਤਾਰਾ' ਦੌਰਾਨ ਮਾਰੇ ਗਏ ਸਿੱਖਾਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਦੱਸਣ 'ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਤਰਾਜ਼ ਜਤਾਇਆ ਹੈ।
ਜੀਕੇ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਜਲਦਬਾਜ਼ੀ 'ਚ ਕਾਂਗਰਸ ਸਰਕਾਰ ਨੂੰ ਦੋਸ਼ ਮੁਕਤ ਕਰਨ ਤੇ ਸਿੱਖਾਂ ਨੂੰ ਅੱਤਵਾਦੀ ਦੱਸਣ ਦੀ ਭੁੱਲ ਕੀਤੀ ਹੈ। ਜਦ ਕਿ ਫ਼ੌਜੀ ਕਾਰਵਾਈ ਦੌਰਾਨ ਮਾਰੇ ਗਏ ਲੋਕਾਂ 'ਚ ਵੱਡੀ ਗਿਣਤੀ ਨਿਰਦੋਸ਼ ਬੱਚਿਆਂ ਤੇ ਔਰਤਾਂ ਦੀ ਸੀ, ਜਿਨ੍ਹਾਂ ਨੂੰ ਬਿਨਾਂ ਸੋਚੇ ਹਰਸਿਮਰਤ ਨੇ ਅੱਤਵਾਦੀ ਦੱਸ ਦਿੱਤਾ।
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋਂ ਮੰਗ ਕੀਤੀ ਹੈ ਕਿ ਹਰਸਿਮਰਤ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਕੇਂਦਰੀ ਮੰਤਰੀ ਨੇ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਨਿਰਦੋਸ਼ਾਂ ਨੂੰ ਅੱਤਵਾਦੀ ਕਿਹਾ ਹੈ।
ਜੀਕੇ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਸੰਗਤ ਦੇ ਸਾਹਮਣੇ ਇਹ ਸਾਫ਼ ਕਰਣਾ ਚਾਹੀਦਾ ਹੈ, ਕਿ ਕੌਮ ਦੇ ਸ਼ਹੀਦਾਂ ਨੂੰ ਉਨ੍ਹਾਂ ਨੇ ਅੱਤਵਾਦੀ ਕਿਵੇਂ ਦੱਸਿਆ, ਉਹ ਵੀ ਉਸ ਵੇਲੇ ਜਦੋਂ ਉਹ ਪੰਥਕ ਪਾਰਟੀ ਦੇ ਸਾਂਸਦ ਹੋਣ। ਜੀਕੇ ਨੇ ਹਰਸਿਮਰਤ ਦੇ ਬਿਆਨ ਨੂੰ ਪੰਜਾਬ ਵਿੱਚ ਪਾਰਟੀ ਦੇ ਖ਼ਿਸਕਦੇ ਪੰਥਕ ਆਧਾਰ ਤੇ ਵੱਧਦੇ ਰਾਸ਼ਟਰਵਾਦੀ ਆਧਾਰ ਵਿੱਚ ਤਾਲਮੇਲ ਬਿਠਾਉਣ ਦੀ ਨਾਕਾਮ ਕੋਸ਼ਿਸ਼ ਵੀ ਦੱਸਿਆ।